ਚੰਡੀਗੜ੍ਹ, 17 ਜੂਨ (ਮਾਰਕੰਡਾ)- ਅੱਜ ਆਪਕੀ ਆਵਾਜ਼ ਪਾਰਟੀ ਚੰਡੀਗੜ੍ਹ ਦੇ ਪ੍ਰਧਾਨ ਪ੍ਰੇਮਪਾਲ ਚੌਹਾਨ ਦੀ ਅਗਵਾਈ ਹੇਠ ਆਦਰਸ਼ ਕਾਲੋਨੀ ਸੈਕਟਰ 54 ਦੇ ਸਥਾਨਕ ਨਿਵਾਸੀਆਂ ਨੇ ਆਪਣੀਆ ਝੁੱਗੀਆਂ ਬਚਾਉਣ ਲਈ ਪ੍ਰਸ਼ਾਸਕ ਨੂੰ ਮਿਲਣਾ ਸੀ ਪਰ ਚੰਡੀਗੜ੍ਹ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਫਰਨੀਚਰ ਮਾਰਕੀਟ ਚੌਕ 'ਤੇ ਹੀ ਰੋਕ ਦਿੱਤਾ | ਗੁੱਸੇ ਵਿਚ ਆਏ ਨਿਵਾਸੀਆ ਨੇ ਰੋਸ ਵਿਖਾਵਾਂ ਕੀਤਾ | ਇਸੇ ਦੌਰਾਨ ਪ੍ਰੇਮ ਪਾਲ ਚੌਹਾਨ ਨੇ ਪ੍ਰਸ਼ਾਸਨ ਦੇ ਇਸ ਵਿਵਹਾਰ ਨੂੰ ਤਾਨਾਸ਼ਾਹੀ ਦੱਸਿਆ ਅਤੇ ਕਿਹਾ ਕਿ ਇਹ ਲੋਕਤੰਤਰੀ ਅਧਿਕਾਰਾਂ ਦੀ ਉਲੰਘਣਾ ਹੈ | ਉਨ੍ਹਾਂ ਕਿਹਾ ਕਿ ਲੋੜਵੰਦਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਵੀ ਨਹੀਂ ਦਿੱਤਾ ਜਾ ਰਿਹਾ | ਜਨਤਾ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ | ਪ੍ਰੇਮ ਪਾਲ ਚੌਹਾਨ ਨੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਨਾਲ ਸੰਪਰਕ ਕੀਤਾ ਅਤੇ ਕੱਲ੍ਹ ਸਵੇਰੇ 11 ਵਜੇ ਦਾ ਸਮਾਂ ਨਿਰਧਾਰਤ ਕੀਤਾ, ਤਾਂ ਜੋ ਪੀੜਤਾਂ ਦੇ ਦੁੱਖ ਨੂੰ ਸ਼ਹਿਰ ਦੇ ਪ੍ਰਸ਼ਾਸਕ ਤੱਕ ਪਹੁੰਚਾਇਆ ਜਾ ਸਕੇ | ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਉਹ ਹਰ ਹਾਲਤ ਵਿਚ ਲੋਕਾਂ ਦੀਆਂ ਝੁੱਗੀਆਂ-ਝੌਂਪੜੀਆਂ ਨੂੰ ਬਚਾਉਣ ਲਈ ਲੜਾਈ ਜਾਰੀ ਰੱਖਣਗੇ | ਚੌਹਾਨ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ 19 ਤਰੀਕ ਨੂੰ ਆਦਰਸ਼ ਕਾਲੋਨੀ ਖਾਲੀ ਕਰਨ ਦਾ ਹੁਕਮ ਜਾਰੀ ਕੀਤਾ ਹੈ | ਜਿਸ ਨੂੰ ਕਾਲੋਨੀ ਦੇ ਵਸਨੀਕਾਂ ਨੇ ਉਨ੍ਹਾਂ ਨਾਲ ਵਿਸ਼ਵਾਸਘਾਤ ਕਰਾਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਫਰਨੀਚਰ ਮਾਰਕੀਟ ਅਤੇ ਮਾਰਬਲ ਮਾਰਕੀਟ 'ਤੇ ਰਹਿਮ ਕਰ ਰਿਹਾ ਹੈ | ਉਨ੍ਹਾਂ ਪੁੱਛਿਆ ਕਿ ਕੀ ਇਹ ਮਾਰਕੀਟ ਸਰਕਾਰੀ ਜ਼ਮੀਨ 'ਤੇ ਨਹੀਂ ਹਨ? ਉਨ੍ਹਾਂ ਕਿਹਾ ਕਿ ਇਸ ਗਰਮੀ ਵਿਚ ਇਹ ਗਰੀਬ ਲੋਕ ਆਪਣੇ ਛੋਟੇ ਬੱਚਿਆਂ ਨਾਲ ਕਿੱਥੇ ਜਾਣਗੇ?