ਚੰਡੀਗੜ੍ਹ, 17 ਜੂਨ (ਸੰਦੀਪ ਕੁਮਾਰ ਮਾਹਨਾ) ਜਨਤਕ ਥਾਵਾਂ ਨੂੰ ਕਬਜ਼ਾ ਮੁਕਤ ਬਣਾਈ ਰੱਖਣ ਅਤੇ ਸਾਂਝੇ ਖੇਤਰਾਂ ਤੱਕ ਸਾਰੇ ਨਾਗਰਿਕਾਂ ਲਈ ਬਿਨਾਂ ਰੁਕਾਵਟ ਪਹੁੰਚ ਨੂੰ ਯਕੀਨੀ ਬਣਾਉਣ ਦੇ ਨਿਰੰਤਰ ਯਤਨਾਂ ਵਿਚ ਨਗਰ ਨਿਗਮ ਚੰਡੀਗੜ੍ਹ ਨੇ ਅੱਜ ਸੈਕਟਰ 27 ਵਿਖੇ ਕੀਤੇ ਗਏ ਅਣਅਧਿਕਾਰਤ ਤੌਰ 'ਤੇ ਕੀਤੀ ਗਈ ਵਾੜ ਅਤੇ ਕਬਜ਼ੇ ਹਟਾਏ |ਨਗਰ ਨਿਗਮ ਦੀ ਇੰਜੀਨੀਅਰਿੰਗ ਟੀਮ ਨੇ ਸੜਕ ਦੇ ਕਿਨਾਰੇ ਗੈਰ-ਕਾਨੂੰਨੀ ਵਾੜ ਨੂੰ ਢਾਹੁਣ ਲਈ ਜੇ.ਸੀ.ਬੀ ਮਸ਼ੀਨਾਂ ਦੀ ਵਰਤੋਂ ਕਰਕੇ ਕਾਰਵਾਈ ਕੀਤੀ | ਇਹ ਕਬਜ਼ਾ ਐਮਰਜੈਂਸੀ ਜਾਂ ਮਾਨਸੂਨ ਨਾਲ ਸਬੰਧਤ ਕਾਰਜਾਂ ਦੌਰਾਨ ਜਨਤਕ ਪਹੁੰਚ ਵਿਚ ਅੜਿੱਕਾ ਪਾ ਰਿਹਾ ਸੀ ਅਤੇ ਰੱਖ-ਰਖਾਅ ਅਤੇ ਆਵਾਜਾਈ ਵਿਚ ਰੁਕਾਵਟ ਪੈਦਾ ਕਰ ਰਿਹਾ ਸੀ | ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਕਿਹਾ ਕਿ ਸੜਕਾਂ, ਪਾਰਕਾਂ, ਫ਼ੁੱਟਪਾਥਾਂ ਅਤੇ ਹੋਰ ਜਨਤਕ ਖੇਤਰਾਂ ਨੂੰ ਅਣਅਧਿਕਾਰਤ ਕਬਜ਼ਿਆਂ ਤੋਂ ਮੁਕਤ ਰੱਖਣ ਲਈ ਵਚਨਬੱਧ ਹੈ, ਜਿਸ ਨਾਲ ਸਾਰੇ ਨਿਵਾਸੀਆਂ ਲਈ ਇਕ ਸੁਰੱਖਿਅਤ ਅਤੇ ਪਹੁੰਚਯੋਗ ਵਾਤਾਵਰਨ ਯਕੀਨੀ ਬਣਾਇਆ ਜਾ ਸਕੇ | ਉਨ੍ਹਾਂ ਦੁਹਰਾਇਆ ਕਿ ਕਿਸੇ ਵੀ ਤਰ੍ਹਾਂ ਦੇ ਕਬਜ਼ੇ ਬਰਦਾਸ਼ਤ ਨਹੀਂ ਕੀਤੇ ਜਾਣਗੇ ਅਤੇ ਸਾਰੇ ਸੈਕਟਰਾਂ ਵਿਚ ਨਿਯਮਤ ਨਿਗਰਾਨੀ ਜਾਰੀ ਰਹੇਗੀ | ਉਨ੍ਹਾਂ ਚੰਡੀਗੜ੍ਹ ਵਾਸੀਆਂ ਨੂੰ ਨਿਗਮ ਦਾ ਸਹਿਯੋਗ ਕਰਨ ਅਤੇ ਜਨਤਕ ਖੇਤਰਾਂ ਵਿਚ ਰੁਕਾਵਟ ਪਾ ਰਹੀਆਂ ਅਣਅਧਿਕਾਰਤ ਉਸਾਰੀਆਂ ਜਾਂ ਵਾੜ ਤੋਂ ਬਚਣ ਦੀ ਅਪੀਲ ਵੀ ਕੀਤੀ |