ਖਰੜ, 17 ਜੂਨ (ਜੰਡਪੁਰੀ)-ਬਹੁਜਨ ਸਮਾਜ ਪਾਰਟੀ ਦੇ ਸਾਰੇ ਸੰਗਠਨਾਂ ਦੀ ਮੀਟਿੰਗ ਹੋਈ, ਜਿਸ 'ਚ ਪਾਰਟੀ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਉਨ੍ਹਾਂ ਦੇ ਨਾਲ ਅਜੀਤ ਸਿੰਘ ਭੈਣੀ ਇੰਚਾਰਜ ਬਸਪਾ ਪੰਜਾਬ ਵੀ ਹਾਜ਼ਰ ਸਨ | ਇਸ ਮੌਕੇ ਸੂਬਾ ਪ੍ਰਧਾਨ ਡਾ. ਕਰੀਮਪੁਰੀ ਨੇ ਪਾਰਟੀ ਦੇ ਸਾਰੇ ਸੰਗਠਨਾਂ ਦੇ ਢਾਂਚਿਆਂ ਦੀ ਸਮੀਖਿਆ ਕੀਤੀ | ਇਸ ਮੌਕੇ ਬਸਪਾ ਦੇ ਜ਼ਿਲ੍ਹਾ ਪ੍ਰਧਾਨ ਹਰਕਾਦਾਸ ਧਾਰੀਵਾਲ ਨੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਚਰਨ ਛੋਅ ਪ੍ਰਾਪਤ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਖੋਲ੍ਹੇ ਗਏ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਲਈ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਲਗਾਤਾਰ ਹੋ ਰਹੇ ਅਪਮਾਨ ਦੇ ਖ਼ਿਲਾਫ਼ ਰੋਸ ਧਰਨਾ ਦਿੱਤਾ ਜਾ ਰਿਹਾ ਹੈ, ਜਿਸ ਦੇ ਚਲਦਿਆਂ ਵਿਧਾਨ ਸਭਾ ਹਲਕਾ ਖਰੜ ਤੋਂ ਅੱਜ 18 ਜੂਨ ਨੂੰ ਦੋ ਬੱਸਾਂ ਦਾ ਕਾਫ਼ਲਾ ਸ੍ਰੀ ਖੁਰਾਲਗੜ੍ਹ ਸਾਹਿਬ ਲਈ ਰਵਾਨਾ ਹੋਵੇਗਾ |