ਪੰਚਕੂਲਾ, 18 ਜੂਨ (ਕਪਿਲ)-ਹਰਿਆਣਾ 'ਚ ਕਾਂਗਰਸ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਅੱਜ ਕੱਲ੍ਹ ਸੰਗਠਨ ਬਣਾਓ ਅਭਿਆਨ ਦੇ ਤਹਿਤ ਕਾਂਗਰਸ ਦੇ ਕਈ ਵੱਡੇ ਆਗੂ ਪੰਚਕੂਲਾ 'ਚ ਕਾਂਗਰਸ ਦੇ ਆਗੂਆਂ ਅਤੇ ਅਹੁਦੇਦਾਰਾਂ ਨਾਲ ਮੀਟਿੰਗ ਕਰ ਰਹੇ ਹਨ | ਬੁੱਧਵਾਰ ਸਵੇਰ ਤੋਂ ਹੀ ਹਰਿਆਣਾ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਨੂੰ ਲੈ ਕੇ ਸੰਗਠਨ ਨਿਰਮਾਣ ਅਭਿਆਨ ਦੇ ਤਹਿਤ ਕਾਂਗਰਸ ਪਾਰਟੀ ਦੇ ਆਬਜ਼ਰਵਰ ਲਾਲ ਜੀ ਦੇਸਾਈ ਅਤੇ ਹਰਿਆਣਾ ਕਾਂਗਰਸ ਦੇ ਇੰਚਾਰਜ ਬੀ. ਕੇ. ਹਰੀ ਪ੍ਰਸ਼ਾਦ ਨੇ ਕਾਂਗਰਸ ਦੇ ਆਗੂਆਂ ਅਤੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਗਈ | ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਇਕਜੁੱਟ ਹੋ ਕੇ ਪਾਰਟੀ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਾ ਹੋਵੇਗਾ | ਸੰਗਠਨ ਨਿਰਮਾਣ ਅਭਿਆਨ ਦੇ ਤਹਿਤ ਕਾਂਗਰਸ ਪਾਰਟੀ ਦੇ ਆਬਜ਼ਰਵਰ ਲਾਲ ਜੀ ਦੇਸਾਈ ਵਲੋਂ ਸਵੇਰੇ ਜਿਥੇ ਇਕ-ਇਕ ਕਰਕੇ ਕਾਂਗਰਸ ਦੇ ਆਗੂਆਂ ਅਤੇ ਅਹੁਦੇਦਾਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀ ਰਾਏ ਲਈ ਗਈ, ਉਥੇ ਹੀ ਕਾਂਗਰਸ ਅਹੁਦੇਦਾਰ ਬੀ. ਕੇ. ਹਰੀ ਪ੍ਰਸ਼ਾਦ ਨੇ ਇਕ ਜਨ ਸਭਾ ਨੂੰ ਸੰਬੋਧਨ ਕੀਤਾ, ਜਿਸ 'ਚ ਪੰਚਕੂਲਾ ਜ਼ਿਲ੍ਹੇ ਦੇ ਸਾਰੇ ਸੀਨੀਅਰ ਆਗੂ ਅਤੇ ਅਹੁਦੇਦਾਰ ਮੌਜੂਦ ਰਹੇ | ਮੀਟਿੰਗ ਤੋਂ ਬਾਅਦ ਹਰਿਆਣਾ ਸੂਬਾ ਕਾਂਗਰਸ ਇੰਚਾਰਜ ਬੀ. ਕੇ. ਹਰੀ ਪ੍ਰਸ਼ਾਦ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ 11 ਸਾਲ ਤੱਕ ਹਰਿਆਣਾ 'ਚ ਜ਼ਿਲ੍ਹਾ ਪ੍ਰਧਾਨ ਨਿਯੁਕਤ ਨਹੀਂ ਹੋਏ, ਪਰ ਹੁਣ ਕਾਂਗਰਸ ਵਰਕਿੰਗ ਕਮੇਟੀ ਨੇ ਤੈਅ ਕੀਤਾ ਹੈ ਕਿ ਪੂਰਾ ਸਾਲ ਸੰਗਠਨ ਨੂੰ ਮਜ਼ਬੂਤ ਕਰਨ ਲਈ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਆਬਜ਼ਰਵਰ ਨਿਯੁਕਤ ਕੀਤੇ ਹਨ ਅਤੇ ਹਰ ਜ਼ਿਲ੍ਹੇ 'ਚ ਜਾ ਕੇ ਸੰਗਠਨ ਸਿਵਲ ਸੁਸਾਇਟੀ ਨਾਲ ਗੱਲ ਕਰਕੇ ਪ੍ਰਕਿਰਿਆ ਸ਼ੁਰੂ ਕਰ ਰਿਹ ਹੈ | ਉਨ੍ਹਾਂ ਕਿਹਾ ਕਿ ਇਸ 'ਚ ਸਮਾਜਿਕ ਨਿਆਂ, ਸਿਵਲ ਸੁਸਾਇਟੀ ਅਤੇ ਜਿਸ ਨੇ ਪੰਜ ਸਾਲ ਕਾਂਗਰਸ 'ਚ ਕੰਮ ਕੀਤਾ ਹੈ ਅਤੇ ਜੋ ਆਰ. ਐਸ. ਐਸ. ਅਤੇ ਭਾਜਪਾ ਦੇ ਖ਼ਿਲਾਫ਼ ਲੜਨ ਦੀ ਹਿੰਮਤ ਰੱਖਦਾ ਹੋਵੇ, ਉਸ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਜਾਵੇਗਾ | ਇਸੇ ਦੌਰਾਨ ਹਰਿਆਣਾ 'ਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਤੋਂ ਪਹਿਲਾਂ ਸੂਬਾ ਪ੍ਰਧਾਨ ਦੀ ਚੋਣ ਕਰਨ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਪਹਿਲਾਂ ਜ਼ਿਲ੍ਹਾ ਪ੍ਰਧਾਨ ਚੁਣੇ ਜਾਣਗੇ ਅਤੇ ਉਸ ਤੋਂ ਬਾਅਦ ਸੂਬਾ ਪ੍ਰਧਾਨ ਦੀ ਚੋਣ ਹੋਵੇਗੀ | ਉਨ੍ਹਾਂ ਕਿਹਾ ਕਿ ਪਾਰਟੀ 'ਚ ਗੁੱਟਬਾਜੀ ਅਤੇ ਅੰਦਰੂਨੀ ਲੜਾਈ ਨੂੰ ਰੋਕਣ ਲਈ ਸੰਬੰਧਤ ਆਗੂ/ਵਰਕਰ ਵਿਰੁੱਧ ਕਾਰਵਾਈ ਕੀਤੀ ਜਾਵੇਗੀ |