ਚੰਡੀਗੜ੍ਹ ਪ੍ਰਸ਼ਾਸਨ ਵਲੋਂ ਆਦਰਸ਼ ਕਾਲੋਨੀ 'ਚ ਕੀਤੇ ਨਾਜਾਇਜ਼ ਕਬਜ਼ਿਆਂ ਵਿਰੁੱਧ ਅੱਜ ਕੀਤੀ ਜਾਵੇਗੀ ਕਾਰਵਾਈ <br/>
ਅਜੀਤ ਡੈਸਕ
19-06-2025
ਮੀਟਿੰਗ ਦੌਰਾਨ ਐਸ.ਐਸ.ਪੀ ਨੇ ਡੀ.ਸੀ ਨੂੰ ਕਾਰਵਾਈ ਦੌਰਾਨ ਕਾਨੂੰਨ ਵਿਵਸਥਾ ਪ੍ਰਬੰਧਨ ਲਈ ਪੂਰੀ ਪੁਲਿਸ ਤੈਨਾਤੀ ਦਾ ਭਰੋਸਾ ਦਿੱਤਾ, ਨਾਲ ਹੀ ਮੌਕੇ 'ਤੇ ਢੁਕਵੀਂ ਬੈਰੀਕੇਡਿੰਗ ਅਤੇ ਸੁਰੱਖਿਆ ਪ੍ਰਬੰਧ ਵੀ ਕੀਤੇ ਜਾਣ ਦੀ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਲਗਭਗ 1000 ਪੁਲਿਸ ਕਰਮਚਾਰੀ ਮੌਜੂਦ ਰਹਿਣਗੇ | ਇੰਜੀਨੀਅਰਿੰਗ ਵਿਭਾਗ ਨੇ ਪਹਿਲਾਂ ਹੀ ਲੋੜੀਂਦੀ ਮਸ਼ੀਨਰੀ ਅਤੇ ਮਨੁੱਖੀ ਸ਼ਕਤੀ, ਜਿਸ ਵਿਚ ਜੇ.ਸੀ.ਬੀ, ਡੰਪਰ ਅਤੇ ਹੋਰ ਢਾਹੁਣ ਵਾਲੀ ਮਸ਼ੀਨਰੀ ਸ਼ਾਮਲ ਹੈ, ਨੂੰ ਜੁਟਾ ਲਿਆ ਹੈ | ਉਧਰ ਸਿਹਤ ਵਿਭਾਗ ਦੇ ਨੁਮਾਇੰਦੇ ਨੇ ਦੱਸਿਆ ਕਿ ਕਾਰਵਾਈ ਦੌਰਾਨ ਜ਼ਰੂਰਤ ਪੈਣ 'ਤੇ ਐਮਰਜੈਂਸੀ ਡਾਕਟਰੀ ਸਹਾਇਤਾ ਮੁਹੱਈਆ ਕਰਵਾਉਣ ਲਈ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਦੇ ਨਾਲ 6 ਐਂਬੂਲੈਂਸਾਂ ਨੂੰ ਮੌਕੇ 'ਤੇ ਤੈਨਾਤ ਕੀਤਾ ਜਾਵੇਗਾ | ਇਸ ਤੋਂ ਇਲਾਵਾ ਕਾਰਵਾਈ ਦੌਰਾਨ ਪੈਦਾ ਹੋਣ ਵਾਲੇ ਕਿਸੇ ਵੀ ਜਨਤਕ ਸਿਹਤ ਸੰਕਟ ਨੂੰ ਹੱਲ ਕਰਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਤੈਨਾਤ ਕੀਤੀਆਂ ਜਾਣਗੀਆਂ | ਡਿਪਟੀ ਕਮਿਸ਼ਨਰ ਨੇ ਕਾਨੂੰਨ ਤੇ ਅਮਨ ਦੀ ਸਥਿਤੀ ਨੂੰ ਕਾਇਮ ਰੱਖਣ, ਪਾਰਦਰਸ਼ੀ ਸ਼ਾਸਨ ਨੂੰ ਸੁਨਿਸ਼ਚਿਤ ਕਰਨ ਅਤੇ ਟਿਕਾਊ ਸ਼ਹਿਰੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਪ੍ਰਸ਼ਾਸਨ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ | ਉਨ੍ਹਾਂ ਕਿਹਾ ਕਿ ਨਜਾਇਜ਼ ਕਾਲੋਨੀਆਂ ਨੂੰ ਢਾਹੁਣ ਦੀ ਇਹ ਮੁਹਿੰਮ ਚੰਡੀਗੜ੍ਹ ਪ੍ਰਸ਼ਾਸਨ ਦੀ ਕਬਜ਼ੇ ਹਟਾਉਣ, ਯੋਜਨਾਬੱਧ ਸ਼ਹਿਰੀ ਵਿਕਾਸ ਨੂੰ ਲਾਗੂ ਕਰਨ ਅਤੇ ਕੀਮਤੀ ਜਨਤਕ ਜ਼ਮੀਨ ਨੂੰ ਕਬਜ਼ਾ ਮੁਕਤ ਕਰਾਉਣ ਦੀ ਵੱਡੀ ਪਹਿਲ ਦਾ ਹਿੱਸਾ ਹੈ | ਕਬਜ਼ਾ ਮੁਕਤ ਕਰਾਈ ਜਾਣ ਵਾਲੀ 12 ਏਕੜ ਜ਼ਮੀਨ ਨੂੰ ਚੰਡੀਗੜ੍ਹ ਮਾਸਟਰ ਪਲਾਨ ਦੇ ਅਨੁਸਾਰ ਜਨਤਕ ਉਪਯੋਗਤਾ ਬੁਨਿਆਦੀ ਢਾਂਚੇ ਲਈ ਵਰਤਣ ਦਾ ਪ੍ਰਸਤਾਵ ਹੈ | ਮੀਟਿੰਗ ਵਿਚ ਚੰਡੀਗੜ੍ਹ ਦੇ ਐਸ.ਐਸ.ਪੀ, ਨਗਰ ਨਿਗਮ ਦੇ ਸੀਨੀਅਰ ਅਧਿਕਾਰੀ, ਇੰਜੀਨੀਅਰਿੰਗ ਵਿਭਾਗ ਅਤੇ ਸਿਹਤ ਵਿਭਾਗ ਦੇ ਪ੍ਰਤੀਨਿਧੀਆਂ ਸਮੇਤ ਮੁੱਖ ਅਧਿਕਾਰੀਆਂ ਨੇ ਸ਼ਿਰਕਤ ਕੀਤੀ |