ਐੱਸ. ਏ. ਐੱਸ. ਨਗਰ, 18 ਜੂਨ (ਕਪਿਲ ਵਧਵਾ)- ਅਬੋਹਰ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਵਲੋਂ ਸਹੁਰਿਆਂ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ ਨੇ 1 ਜੂਨ ਨੂੰ ਪਟਿਆਲਾ ਤੋਂ ਰਾਜਪੁਰਾ ਵੱਲ ਨੂੰ ਜਾਂਦੀ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ | ਮਟੌਰ ਪੁਲਿਸ ਸਟੇਸ਼ਨ ਨੇ ਮਿ੍ਤਕ ਦੇ ਭਰਾ ਪਰਵਿੰਦਰ ਸਿੰਘ ਦੀ ਸ਼ਿਕਾਇਤ ਅਤੇ ਮਿ੍ਤਕ ਦੇ ਮੋਬਾਈਲ ਫੋਨ ਤੋਂ ਬਰਾਮਦ ਹੋਈ ਖੁਦਕੁਸ਼ੀ ਵੀਡੀਓ ਦੇ ਆਧਾਰ 'ਤੇ ਗੁਰਵਿੰਦਰ ਸਿੰਘ ਦੀ ਪਤਨੀ ਅਤੇ ਸੱਸ ਵਿਰੁੱਧ ਅਪਰਾਧਿਕ ਮਾਮਲਾ ਦਰਜ ਕੀਤਾ ਹੈ | ਸ਼ਿਕਾਇਤਕਰਤਾ ਪਰਵਿੰਦਰ ਸਿੰਘ ਦੇ ਅਨੁਸਾਰ, ਗੁਰਵਿੰਦਰ ਦਾ ਆਪਣੀ ਪਤਨੀ ਨਾਲ ਲੰਮੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ | ਪਹਿਲਾਂ ਗੁਰਵਿੰਦਰ ਨਸ਼ੇ ਦੀ ਲਤ ਤੋਂ ਪੀੜਤ ਸੀ, ਜਿਸ ਕਾਰਨ ਉਸ ਦੀ ਪਤਨੀ ਆਪਣੇ ਬੱਚੇ ਨਾਲ ਆਪਣੇ ਪਰਿਵਾਰ ਕੋਲ ਚਲੀ ਗਈ ਸੀ | ਪਤਨੀ ਨੇ ਇਹ ਸ਼ਰਤ ਰੱਖੀ ਸੀ ਕਿ ਜਦੋਂ ਤੱਕ ਗੁਰਵਿੰਦਰ ਨਸ਼ਾ ਨਹੀਂ ਛੱਡਦਾ, ਉਹ ਵਾਪਸ ਨਹੀਂ ਆਵੇਗੀ | ਇਸ ਤੋਂ ਬਾਅਦ, ਪਰਿਵਾਰ ਨੇ ਗੁਰਵਿੰਦਰ ਨੂੰ ਨਸ਼ਾ ਛੁਡਾਊ ਕੇਂਦਰ ਵਿਚ ਦਾਖਲ ਕਰਵਾਇਆ, ਜਿੱਥੇ ਉਸ ਨੇ ਸੱਤ ਮਹੀਨੇ ਬਿਤਾਏ | ਨਸ਼ਾ ਛੱਡਣ ਤੋਂ ਬਾਅਦ, ਗੁਰਵਿੰਦਰ ਸਿੰਘ ਆਪਣੀ ਪਤਨੀ ਅਤੇ ਪੁੱਤਰ ਕੋਲ ਮੁਹਾਲੀ ਆ ਗਿਆ | ਜਿੱਥੇ ਪਹਿਲਾਂ ਉਹ ਇਕ ਪੀ. ਜੀ. ਵਿਚ ਰਹਿੰਦਾ ਸੀ, ਪਰ ਬਾਅਦ ਵਿਚ ਉਹ ਆਪਣੇ ਸਹੁਰਿਆਂ ਨਾਲ ਰਹਿਣ ਲੱਗ ਪਿਆ | ਮਿ੍ਤਕ ਦੇ ਭਰਾ ਦਾ ਦੋਸ਼ ਹੈ ਕਿ ਗੁਰਵਿੰਦਰ ਸਿੰਘ ਦਾ ਸਹੁਰਾ ਪਰਿਵਾਰ ਉਸ 'ਤੇ ਵੱਖਰਾ ਫਲੈਟ ਖਰੀਦਣ ਲਈ ਦਬਾਅ ਪਾਉਣ ਲੱਗ ਗਏ, ਜਿਸ ਲਈ ਗੁਰਵਿੰਦਰ ਆਰਥਿਕ ਤੌਰ 'ਤੇ ਸਮਰੱਥ ਨਹੀਂ ਸੀ | ਇਸ ਮਾਨਸਿਕ ਦਬਾਅ ਕਾਰਨ, ਉਸ ਨੇ 1 ਜੂਨ ਨੂੰ ਪਟਿਆਲਾ-ਰਾਜਪੁਰਾ ਨਹਿਰ ਨੇੜੇ ਆਪਣੀ ਕਾਰ ਤੋਂ ਛਾਲ ਮਾਰ ਦਿੱਤੀ | ਇਸ ਤੋਂ ਅਗਲੇ ਦਿਨ, ਗੋਤਾਖੋਰਾਂ ਨੇ ਉਸ ਦੀ ਕਾਰ ਬਰਾਮਦ ਕੀਤੀ, ਜਿਸ ਵਿਚ ਉਸ ਦਾ ਪਰਸ ਅਤੇ ਮੋਬਾਈਲ ਮਿਲਿਆ | ਮੋਬਾਈਲ ਦੀ ਜਾਂਚ ਕਰਨ 'ਤੇ, ਉਸ ਵਿਚ ਇਕ ਵੀਡੀਓ ਰਿਕਾਰਡਿੰਗ ਮਿਲੀ, ਜਿਸ ਵਿਚ ਗੁਰਵਿੰਦਰ ਸਿੰਘ ਆਪਣਾ ਆਖਰੀ ਬਿਆਨ ਦਿੰਦਾ ਹੈ ਅਤੇ ਖੁਦਕੁਸ਼ੀ ਦਾ ਕਾਰਨ ਦੱਸਦਾ ਹੈ | ਵੀਡੀਓ ਵਿਚ, ਉਸ ਨੇ ਕਿਹਾ ਕਿ ਉਸ ਨੇ ਨਸ਼ਾ ਪੂਰੀ ਤਰ੍ਹਾਂ ਛੱਡ ਦਿੱਤਾ ਹੈ, ਪਰ ਹੁਣ ਵੀ ਉਸ ਦੇ ਸਹੁਰੇ ਨਾ ਤਾਂ ਉਸ ਦੀ ਪਤਨੀ ਨੂੰ ਉਸ ਦੇ ਨਾਲ ਭੇਜ ਰਹੇ ਹਨ ਅਤੇ ਨਾ ਹੀ ਉਸ ਨੂੰ ਆਪਣੇ ਪੁੱਤਰ ਨੂੰ ਮਿਲਣ ਦੇ ਰਹੇ ਹਨ | ਨਾਲ ਹੀ, ਉਹ ਲਗਾਤਾਰ ਉਸ 'ਤੇ ਫਲੈਟ ਖਰੀਦਣ ਲਈ ਦਬਾਅ ਪਾ ਰਹੇ ਹਨ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ | ਮਟੌਰ ਪੁਲਿਸ ਸਟੇਸ਼ਨ ਇੰਚਾਰਜ ਨੇ ਦੱਸਿਆ ਕਿ ਮਿ੍ਤਕ ਦੇ ਭਰਾ ਦੀ ਸ਼ਿਕਾਇਤ ਅਤੇ ਮੋਬਾਈਲ ਤੋਂ ਮਿਲੀ ਵੀਡੀਓ ਦੇ ਆਧਾਰ 'ਤੇ ਗੁਰਵਿੰਦਰ ਦੀ ਪਤਨੀ ਅਤੇ ਸੱਸ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ | ਫਿਲਹਾਲ ਦੋਸ਼ੀਆਂ ਨੂੰ ਗਿ੍ਫ਼ਤਾਰ ਨਹੀਂ ਕੀਤਾ ਗਿਆ ਹੈ, ਪਰ ਪੁਲਿਸ ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ |