ਚੰਡੀਗੜ੍ਹ, 19 ਜੂਨ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਦੁਆਰਾ ਜਾਰੀ ਕੀਤੇ ਤਾਨਾਸ਼ਾਹੀ, ਤੁਗ਼ਲਕੀ ਫ਼ਰਮਾਨ ਦੀ ਸਖ਼ਤ ਨਿੰਦਾ ਕਰਦੇ ਹੋਏ ਵਿਦਿਆਰਥੀਆਂ ਜਥੇਬੰਦੀਆਂ ਨੇ ਸਾਂਝੇ ਤੌਰ 'ਤੇ ਉਪ-ਕੁਲਪਤੀ ਦੇ ਦਫ਼ਤਰ ਦੇ ਗੇਟ ਅੱਗੇ ਪੁਤਲਾ ਫ਼ੂਕ ਪ੍ਰਦਰਸ਼ਨ ਕੀਤਾ | ਇਸ ਮੌਕੇ ਵਿਦਿਆਰਥੀਆਂ ਜਥੇਬੰਦੀਆਂ ਦੇ ਆਗੂਆਂ ਜਿਨ੍ਹਾਂ 'ਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ, ਵਿਦਿਆਰਥੀ ਜਥੇਬੰਦੀ ਸੱਥ, ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਦੇ ਸਾਬਕਾ ਉਪ ਪ੍ਰਧਾਨ ਅਰਚਿਤ ਗਰਗ, ਪ੍ਰਧਾਨ ਅਨੁਰਾਗ ਦਲਾਲ ਸਮੇਤ ਹੋਰ ਜਥੇਬੰਦੀਆਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਫ਼ੁਰਮਾਨ ਯੂਨੀਵਰਸਿਟੀ ਵਿਚ ਦਾਖ਼ਲੇ ਤੋਂ ਪਹਿਲਾਂ ਵਿਦਿਆਰਥੀਆਂ ਤੋਂ ਹਲਫ਼ਨਾਮਾ ਜਮ੍ਹਾ ਕਰਨਾ ਲਾਜ਼ਮੀ ਬਣਾ ਦਿੱਤਾ ਕਿ ਵਿਦਿਆਰਥੀ ਕਿਸੇ ਵੀ ਤਰ੍ਹਾਂ ਦਾ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਨਹੀਂ ਕਰਨਗੇ, ਜੋ ਕਿ ਮੌਲਿਕ ਅਧਿਕਾਰ ਨੂੰ ਦਬਾਉਣ ਦੀ ਇਕ ਕੋਸ਼ਿਸ਼ ਹੈ | ਕੈਂਪਸ ਵਿਚ ਹਾਲ ਹੀ ਵਿਚ ਹੋਏ ਵਿਦਿਆਰਥੀ ਅੰਦੋਲਨਾਂ ਤੋਂ ਹਿੱਲਿਆ ਹੋਇਆ ਪ੍ਰਸ਼ਾਸਨ ਹੁਣ ਅਸਹਿਮਤੀ ਨੂੰ ਕੁਚਲਣ ਅਤੇ ਵਿਦਿਆਰਥੀਆਂ ਦੀਆਂ ਜਾਇਜ਼ ਮੰਗਾਂ ਨੂੰ ਚੁੱਪ ਕਰਾਉਣ ਲਈ ਹਰ ਸੰਭਵ ਹੱਥਕੰਡੇ ਦਾ ਸਹਾਰਾ ਲੈ ਰਿਹਾ ਹੈ | ਪ੍ਰਧਾਨ ਪਰਵਿੰਦਰ ਸਿੰਘ ਨੇਗੀ ਨੇ ਕਿਹਾ ਕਿ ਏ. ਬੀ. ਵੀ. ਪੀ. ਇਸ ਮਨਮਾਨੀ ਨੋਟਿਸ ਦੀ ਸਖ਼ਤ ਨਿੰਦਾ ਕਰਦੀ ਹੈ ਅਤੇ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੀ ਹੈ ਕਿ ਜੇਕਰ ਇਸ ਨੋਟਿਸ ਨੂੰ ਵਾਪਸ ਨਹੀਂ ਲਿਆ ਅਤੇ ਵਿਦਿਆਰਥੀ ਵਿਰੋਧੀ ਗਤੀਵਿਧੀਆਂ ਨੂੰ ਨਾ ਰੋਕਿਆ ਗਿਆ ਤਾਂ ਵਿਦਿਆਰਥੀ ਕੌਂਸਲ ਆਪਣਾ ਅੰਦੋਲਨ ਤੇਜ਼ ਕਰਨ ਲਈ ਮਜਬੂਰ ਹੋਵੇਗੀ | ਏ. ਬੀ. ਵੀ. ਪੀ. ਵਿਦਿਆਰਥੀਆਂ ਦੇ ਅਧਿਕਾਰਾਂ ਦੀ ਰਾਖੀ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਾ ਹੈ ਅਤੇ ਕੈਂਪਸ ਵਿਚ ਲੋਕਤੰਤਰੀ ਕਦਰਾਂ-ਕੀਮਤਾਂ ਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਕਮਜ਼ੋਰ ਕਰਨ ਵਾਲੇ ਕਿਸੇ ਵੀ ਉਪਾਅ ਵਿਰੁੱਧ ਲੜਦਾ ਰਹੇਗਾ | ਇਸ ਮੌਕੇ ਵਿਦਿਆਰਥੀ ਜਥੇਬੰਦੀ ਏ. ਐਸ. ਏ., ਏ. ਐਸ. ਏ. ਪੀ., ਐਚ.ਐਸ.ਏ, ਐਚ. ਪੀ. ਐਸ. ਯੂ., ਆਈ.ਐਸ.ਓ, ਐਨ. ਐਸ. ਯੂ. ਆਈ, ਪੀ.ਯੂ.ਐਸ.ਯੂ, ਐਸ. ਐਫ਼. ਐਸ., ਐਸ.ਓ.ਆਈ, ਐਸ.ਓ.ਪੀ.ਯੂ, ਯੂ.ਐਸ.ਓ ਦੇ ਮੈਂਬਰ ਸ਼ਾਮਲ ਸਨ |