ਚੰਡੀਗੜ੍ਹ, 19 ਜੂਨ (ਸੰਦੀਪ ਕੁਮਾਰ ਮਾਹਨਾ)-ਸੀ. ਪੀ. ਡੀ. ਐਲ. ਵਲੋਂ ਪਿਛਲੇ 5 ਮਹੀਨਿਆਂ ਤੋਂ ਖ਼ਾਲੀ ਪਈਆਂ ਅਸਾਮੀਆਂ 'ਤੇ ਕਰਮਚਾਰੀਆਂ ਨੂੰ ਤਰੱਕੀ ਦੇਣ ਦੀ ਬਜਾਏ ਐਫ਼. ਆਰ. ਟੀ. ਦੇ ਨਾਂਅ 'ਤੇ ਗੈਰ-ਸਿੱਖਿਅਤ ਭਰਤੀਆਂ ਕਰਨ ਤੇ ਹੋਰ ਅਸਥਾਈ ਕਰਮਚਾਰੀਆਂ ਨੂੰ ਥੋਪਣ ਅਤੇ ਸੰਦਾਂ ਪ੍ਰਤੀ ਨਕਾਰਾਤਮਕ ਰਵੱਈਆ ਅਪਣਾਉਣ ਅਤੇ ਹੋਰ ਮੰਗਾਂ ਲਈ ਯੂਟੀ ਪਾਵਰਮੈਨ ਯੂਨੀਅਨ ਵਲੋਂ ਚੰਡੀਗੜ੍ਹ ਦੇ ਸੈਕਟਰ 18 ਸਥਿਤ ਬਿਜਲੀ ਦਫ਼ਤਰ ਵਿਖੇ ਰੋਸ ਰੈਲੀ ਕੀਤੀ ਗਈ | ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜਨਰਲ ਸਕੱਤਰ ਗੋਪਾਲ ਦੱਤ ਜੋਸ਼ੀ ਸਮੇਤ ਹੋਰ ਬੁਲਾਰਿਆਂ ਨੇ ਚੰਡੀਗੜ੍ਹ ਪ੍ਰਸ਼ਾਸਨ ਤੇ ਸੀ. ਪੀ. ਡੀ. ਐਲ. ਮੈਨੇਜਮੈਂਟ ਦੀ ਸਖ਼ਤ ਆਲੋਚਨਾ ਕੀਤੀ ਅਤੇ ਦੋਸ਼ ਲਗਾਇਆ ਕਿ ਨਿਰਵਿਘਨ ਬਿਜਲੀ ਪ੍ਰਦਾਨ ਕਰਨ ਲਈ ਦਿਨ ਰਾਤ ਕੰਮ ਕਰਨ ਵਾਲੇ ਕਰਮਚਾਰੀ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਸੀ. ਪੀ. ਡੀ. ਐਲ ਅਧਿਕਾਰੀਆਂ ਦੀ ਮਿਲੀਭੁਗਤ ਦਾ ਖ਼ਮਿਆਜ਼ਾ ਭੁਗਤ ਰਹੇ ਹਨ ਅਤੇ ਪਿਛਲੇ 5 ਮਹੀਨਿਆਂ ਤੋਂ ਆਪਣੀ ਬਣਦੀ ਤਰੱਕੀ ਦੀ ਉਡੀਕ ਵੀ ਕਰ ਰਹੇ ਹਨ | ਦੂਜੇ ਪਾਸੇ, ਬਾਹਰਲੇ ਲੋਕਾਂ ਨੂੰ ਘੱਟੋ-ਘੱਟ ਦਰ ਤੋਂ ਦੁੱਗਣੀ ਤਨਖ਼ਾਹ ਅਤੇ ਟਰਾਂਸਪੋਰਟ ਭੱਤਾ ਦਿੱਤਾ ਜਾ ਰਿਹਾ ਹੈ, ਪਰ ਵਿਭਾਗੀ ਕਰਮਚਾਰੀਆਂ ਨੂੰ ਨਿਰਾਸ਼ ਕੀਤਾ ਜਾ ਰਿਹਾ ਹੈ | ਬੁਲਾਰਿਆਂ ਨੇ ਇਸ ਗੱਲ ਦੀ ਜਾਂਚ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਕਿ ਕਿਵੇਂ 90 ਫ਼ੀਸਦ ਤੋਂ ਵੱਧ ਅਧਿਕਾਰੀਆਂ ਤੇ ਉਨ੍ਹਾਂ ਦੇ ਚਹੇਤਿਆਂ ਨੂੰ ਐਡਜਸਟ ਕੀਤਾ ਗਿਆ ਤੇ ਵਿਭਾਗ ਵਿਚ ਪਹਿਲਾਂ ਸ਼ਾਮਿਲ ਹੋਏ ਸੀਨੀਅਰ ਕਰਮਚਾਰੀਆਂ ਅਤੇ 1 ਜਾਂ 2 ਸਾਲਾਂ ਵਿਚ ਸੇਵਾਮੁਕਤ ਹੋਣ ਵਾਲੇ ਕਰਮਚਾਰੀਆਂ ਨੂੰ ਨਿੱਜੀ ਕੰਪਨੀਆਂ ਵਿਚ ਧੱਕ ਦਿੱਤਾ ਗਿਆ, ਜਿਥੇ ਅਧਿਕਾਰੀਆਂ ਲਈ ਅਸਾਮੀਆਂ ਬਿਲਕੁਲ ਵੀ ਜ਼ਰੂਰੀ ਨਹੀਂ ਸਨ | ਉਨ੍ਹਾਂ ਲਈ 4 ਛੋਟੇ ਵਿੰਗ (ਐਸ. ਟੀ. ਯੂ., ਐਸ. ਐਲ. ਡੀ. ਸੀ., ਈ. ਆਈ. ਤੇ ਐਸ. ਡੀ. ਏ.) ਬਣਾਏ ਗਏ ਤੇ ਉਨ੍ਹਾਂ ਨੂੰ 100 ਫ਼ੀਸਦ ਐਡਜਸਟ ਕੀਤਾ ਗਿਆ | ਪ੍ਰਸ਼ਾਸਕ ਦੇ ਹੁਕਮਾਂ ਦੇ ਬਾਵਜੂਦ ਦੂਜੇ ਵਿਭਾਗਾਂ ਵਿਚ ਅਪਾਹਜ਼ ਕਰਮਚਾਰੀਆਂ ਨੂੰ ਐਡਜਸਟ ਕਰਨ ਦੀ ਬਜਾਏ, ਉਨ੍ਹਾਂ ਵਿਚੋਂ ਕੁਝ ਨੂੰ ਵਾਪਸ ਵਿਭਾਗ ਵਿਚ ਰੱਖਿਆ ਗਿਆ ਅਤੇ ਇਸੇ ਤਰ੍ਹਾਂ ਪਿਕ ਐਂਡ ਚੂਜ਼ ਦੇ ਆਧਾਰ 'ਤੇ ਸੁਪਰਡੈਂਟ, ਰੈਵੇਨਿਊ ਅਕਾਊਾਟੈਂਟ ਤੇ ਜੇ. ਈ. ਨੂੰ ਐਡਜਸਟ ਕੀਤਾ ਤੇ ਸੀਨੀਅਰ ਕਰਮਚਾਰੀ ਕੰਪਨੀ ਨੂੰ ਸੌਂਪ ਦਿੱਤੇ | ਬੁਲਾਰਿਆਂ ਨੇ ਮੰਗ ਕੀਤੀ ਕਿ ਜੇਕਰ ਛੋਟੇ ਵਿੰਗ (ਐਸ.ਟੀ.ਯੂ, ਐਸ.ਐਲ.ਡੀ.ਸੀ, ਈ.ਆਈ ਅਤੇ ਐਸ.ਡੀ.ਏ) ਬਣਾ ਕੇ ਅਧਿਕਾਰੀਆਂ ਨੂੰ ਐਡਜਸਟ ਕੀਤਾ ਜਾ ਸਕਦਾ ਹੈ ਤਾਂ ਕਰਮਚਾਰੀਆਂ ਨੂੰ ਦੂਜੇ ਵਿਭਾਗਾਂ 'ਚ ਖਾਲੀ ਅਸਾਮੀਆਂ ਦੇ ਵਿਰੁੱਧ ਐਡਜਸਟ ਕਿਉਂ ਨਹੀਂ ਕੀਤਾ ਜਾ ਸਕਦਾ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ, ਗੁਰਮੀਤ ਸਿੰਘ, ਰਾਮ ਗੋਪਾਲ, ਸਤਕਾਰ ਸਿੰਘ, ਵਰਿੰਦਰ ਸਿੰਘ, ਸੁਰਜੀਤ ਸਿੰਘ, ਹਰਜਿੰਦਰ ਸਿੰਘ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ |