ਚੰਡੀਗੜ੍ਹ, 19 ਜੂਨ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਨੇ ਕਿਊ. ਐਸ ਵਰਲਡ ਯੂਨੀਵਰਸਿਟੀ ਰੈਂਕਿੰਗ 2026 'ਚ ਇਕ ਮਹੱਤਵਪੂਰਨ ਸੁਧਾਰ ਕਰਦੇ ਹੋਏ 106 ਦੇਸ਼ਾਂ ਦੇ 8,467 ਸੰਸਥਾਵਾਂ ਦੇ ਮੁਲਾਂਕਣ 'ਚੋਂ 1,501 ਸਥਾਨ ਪ੍ਰਾਪਤ ਕੀਤਾ ਹੈ | ਪੰਜਾਬ ਯੂਨੀਵਰਸਿਟੀ ਨੇ ਕਈ ਮਹੱਤਵਪੂਰਨ ਮਾਪਦੰਡਾਂ ਵਿਚ ਸੁਧਾਰ ਕਰਦੇ ਹੋਏ ਖੋਜ ਤੇ ਰੁਜ਼ਗਾਰਯੋਗਤਾ ਵਿਚ ਸ਼ਾਨਦਾਰ ਪ੍ਰਦਰਸ਼ਨ ਯੂਨੀਵਰਸਿਟੀ ਦੀਆਂ ਸਭ ਤੋਂ ਮਹੱਤਵਪੂਰਨ ਪ੍ਰਾਪਤੀਆਂ ਵਿਚ ਸ਼ਾਮਿਲ ਹਨ | ਖੋਜ ਪ੍ਰਭਾਵ 'ਚ ਯੂਨੀਵਰਸਿਟੀ ਪ੍ਰਤੀ ਫੈਕਲਟੀ ਮੈਂਬਰ 109.7 ਦੇ ਸਾਧਾਰਨ ਹਵਾਲਾ ਸਕੋਰ ਨਾਲ ਕਾਫ਼ੀ ਅੱਗੇ ਆਈ | ਰੁਜ਼ਗਾਰ ਦੇ ਨਤੀਜੇ ਵਜੋਂ ਰਾਸ਼ਟਰੀ ਪੱਧਰ 'ਤੇ 10ਵੇਂ ਸਥਾਨ 'ਤੇ ਪਹੰੁਚੀ | ਸਥਿਰਤਾ ਨਾਲ ਸੰਬੰਧਤ ਪਾਠਕ੍ਰਮ ਸ਼ੁਰੂ ਕਰਨ ਦੇ ਨਾਲ ਇਸ ਦੇ ਪ੍ਰਦਰਸ਼ਨ 'ਚ ਹੋਰ ਸੁਧਾਰ ਹੋਣਾ ਲਾਜ਼ਮੀ ਹੈ | ਪੰਜਾਬ ਯੂਨੀਵਰਸਿਟੀ ਦਾ ਖੋਜ ਉਤਪਾਦਨ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵੱਧ ਰਿਹਾ ਹੈ | ਪੰਜਾਬ ਯੂਨੀਵਰਸਿਟੀ ਦੀ ਉਪ-ਕੁਲਪਤੀ ਪ੍ਰੋ. ਰੇਣੂ ਵਿਗ ਨੇ ਪਿਛਲੇ 4 ਸਾਲਾਂ ਦੌਰਾਨ ਜ਼ਿਆਦਾਤਰ ਮਾਪਦੰਡਾਂ 'ਤੇ ਇਸਦੇ ਪ੍ਰਦਰਸ਼ਨ ਵਿਚ ਨਿਰੰਤਰ ਸੁਧਾਰ 'ਤੇ ਖ਼ੁਸ਼ੀ ਪ੍ਰਗਟ ਕੀਤੀ ਹੈ | ਵਿਸ਼ਵ ਪੱਧਰ 'ਤੇ ਚੋਟੀ ਦੇ 900-950 'ਚ ਦਾਖਲ ਹੋਣਾ ਅਕਾਦਮਿਕ ਉੱਤਮਤਾ ਵੱਲ ਯਾਤਰਾ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਨੂੰ ਦਰਸਾਉਂਦਾ ਹੈ | ਗਲੋਬਲ ਰੈਂਕਿੰਗ ਵਿਚ ਇਹ ਮਹੱਤਵਪੂਰਨ ਸੁਧਾਰ ਫੈਕਲਟੀ, ਖੋਜਕਰਤਾਵਾਂ, ਵਿਦਿਆਰਥੀਆਂ ਤੇ ਸਟਾਫ਼ ਦੇ ਸਮੂਹਿਕ ਯਤਨਾਂ ਦਾ ਪ੍ਰਦਰਸ਼ਨ ਹੈ | ਪ੍ਰਤੀ ਫੈਕਲਟੀ ਹਵਾਲੇ ਅਤੇ ਸਥਿਰਤਾ 'ਚ ਮਜ਼ਬੂਤ ਪ੍ਰਦਰਸ਼ਨ ਪ੍ਰਭਾਵਸ਼ਾਲੀ ਖੋਜ ਅਤੇ ਵਿਦਿਆਰਥੀ ਸਫਲਤਾ 'ਤੇ ਸਾਡੇ ਫੋਕਸ ਨੂੰ ਮੁੱਖ ਤੌਰ 'ਤੇ ਉਜਾਗਰ ਕਰਦਾ ਹੈ | ਆਉਣ ਵਾਲੇ ਸਾਲਾਂ ਲਈ ਸਾਡੇ ਫੋਕਸ ਖੇਤਰਾਂ ਵਿਚ ਅੰਤਰਰਾਸ਼ਟਰੀ ਸਹਿਯੋਗ, ਖੋਜ ਨੈਟਵਰਕ, ਵਿਦੇਸ਼ੀ ਵਿਦਿਆਰਥੀਆਂ ਲਈ ਪੰਜਾਬ ਯੂਨੀਵਰਸਿਟੀ ਨੂੰ ਪਸੰਦੀਦਾ ਅਕਾਦਮਿਕ ਮੰਜ਼ਿਲ ਬਣਾਉਣ 'ਤੇ ਨਵੀਨੀਕਰਨ, ਧਿਆਨ ਕੇਂਦਰਿਤ ਕਰਨ ਤੇ ਸਥਿਰਤਾ ਪਹਿਲਕਦਮੀਆਂ ਨੂੰ ਮਜ਼ਬੂਤ ਕਰਨਾ ਸ਼ਾਮਿਲ ਹੈ | ਉਸ ਨੇ ਫੈਕਲਟੀ, ਸਟਾਫ਼ ਤੇ ਵਿਦਿਆਰਥੀਆਂ ਨੂੰ ਗਲੋਬਲ ਉੱਤਮਤਾ ਵੱਲ ਆਪਣੀ ਤਰੱਕੀ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ |