13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਹਾਈ ਕੋਰਟ ਨੇ ਜ਼ੀਰਕਪੁਰ 'ਚ ਪਾਣੀ ਭਰਨ ਤੇ ਸੀਵਰ ਓਵਰਫ਼ਲੋਅ ਦੀ ਵਧਦੀ ਸਮੱਸਿਆ ਦਾ ਲਿਆ ਨੋਟਿਸ

ਅਜੀਤ ਡੈਸਕ 20-06-2025
ਚੰਡੀਗੜ੍ਹ, 19 ਜੂਨ (ਸੰਦੀਪ ਕੁਮਾਰ ਮਾਹਨਾ)-ਜ਼ੀਰਕਪੁਰ ਵਿਚ ਪਾਣੀ ਭਰਨ ਤੇ ਸੀਵਰੇਜ ਓਵਰਫਲੋਅ ਦੀ ਵਧਦੀ ਸਮੱਸਿਆ ਦਾ ਨੋਟਿਸ ਲੈਂਦੇ ਹੋਏ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਫ਼ਟਕਾਰ ਲਗਾਈ ਹੈ | ਹਾਈ ਕੋਰਟ ਨੇ ਕਿਹਾ ਕਿ ਬੇਤਰਤੀਬੇ ਵਿਕਾਸ ਕਾਰਨ ਇਹ ਪੂਰਾ ਇਲਾਕਾ ਝੁੱਗੀ-ਝੌਂਪੜੀ ਵਰਗਾ ਬਣਦਾ ਜਾ ਰਿਹਾ ਹੈ, ਹਾਲਾਤ ਬਹੁਤ ਮਾੜੇ ਹਨ | ਇਸ ਮਾਮਲੇ 'ਚ ਪੰਜਾਬ ਸਰਕਾਰ ਤੇ ਜ਼ੀਰਕਪੁਰ ਨਗਰ ਕੌਂਸਲ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ | ਅਦਾਲਤ ਨੇ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਵਸਨੀਕਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਜਲਦੀ ਹੱਲ ਕੀਤਾ ਜਾਵੇ | ਹਾਈ ਕੋਰਟ ਨੇ ਇਕ ਅਖ਼ਬਾਰ 'ਚ ਪ੍ਰਕਾਸ਼ਿਤ ਖ਼ਬਰ ਦਾ ਨੋਟਿਸ ਲਿਆ ਹੈ, ਜਿਸ 'ਚ ਜ਼ੀਰਕਪੁਰ ਦੇ ਪੀਰ ਮੁਛੱਲਾ ਅਤੇ ਨੇੜਲੀਆਂ ਦੋ ਦਰਜਨ ਸੁਸਾਇਟੀਆਂ 'ਚ ਲੋਕਾਂ ਦੇ ਪਾਣੀ ਭਰਨ ਤੋਂ ਪੀੜਤ ਹੋਣ ਬਾਰੇ ਦੱਸਿਆ ਗਿਆ ਸੀ | ਪ੍ਰਕਾਸ਼ਿਤ ਖ਼ਬਰ ਵਿਚ ਇਹ ਵੀ ਦੱਸਿਆ ਗਿਆ ਸੀ ਕਿ 2023 'ਚ ਪਏ ਮੀਂਹ ਦੌਰਾਨ ਇਨ੍ਹਾਂ ਸੁਸਾਇਟੀਆਂ 'ਚ ਕਈ ਫੁੱਟ ਤੱਕ ਪਾਣੀ ਇਕੱਠਾ ਹੋ ਗਿਆ ਸੀ, ਜੋ ਕਈ ਹਫ਼ਤਿਆਂ ਤੱਕ ਇਕੱਠਾ ਰਿਹਾ | ਇਸ ਨਾਲ ਇੱਥੇ ਰਹਿਣ ਵਾਲੇ ਸੈਂਕੜੇ ਪਰਿਵਾਰਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਪਹਿਲਾਂ ਵੀ ਪੰਚਕੂਲਾ ਤੇ ਆਸ-ਪਾਸ ਦੇ ਕਈ ਇਲਾਕਿਆਂ 'ਚ ਅਜਿਹੀ ਸਮੱਸਿਆ ਆਉਂਦੀ ਸੀ, ਪਰ ਪੰਚਕੂਲਾ ਪ੍ਰਸ਼ਾਸਨ ਨੇ ਆਪਣੇ ਇਲਾਕਿਆਂ ਵਿਚ ਪਾਣੀ ਦੀ ਨਿਕਾਸੀ ਦਾ ਰਸਤਾ ਸਾਫ਼ ਕਰ ਦਿੱਤਾ, ਪਰ ਪੰਜਾਬ ਸਰਕਾਰ ਨੇ ਉਸ ਇਲਾਕੇ ਲਈ ਕੁਝ ਨਹੀਂ ਕੀਤਾ ਜੋ ਪੰਜਾਬ ਨਾਲ ਸੰਬੰਧਤ ਹੈ, ਨਾ ਤਾਂ ਨਾਲੀਆਂ ਦੀ ਸਫ਼ਾਈ ਕੀਤੀ ਗਈ ਤੇ ਨਾ ਹੀ ਪੰਚਕੂਲਾ ਤੋਂ ਆਉਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਕੀਤਾ ਗਿਆ | ਇਸ ਕਾਰਨ ਮੀਂਹ ਦੌਰਾਨ ਪੰਚਕੂਲਾ ਦਾ ਪਾਣੀ ਵੀ ਉਕਤ ਇਲਾਕੇ 'ਚ ਆਉਂਦਾ ਹੈ | ਹੁਣ ਮਾਨਸੂਨ ਸ਼ੁਰੂ ਹੋਣ ਵਾਲਾ ਹੈ ਤੇ ਸੀਵਰ ਲਾਈਨਾਂ ਦੀ ਸਫ਼ਾਈ ਵੀ ਨਹੀਂ ਕੀਤੀ ਗਈ ਹੈ, ਜਿਸ ਕਾਰਨ ਉਹ ਓਵਰਫਲੋ ਹੋ ਰਹੀਆਂ ਹਨ |
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਵਿਸ਼ਵ ਯੂਨੀਵਰਸਿਟੀ ਰੈਂਕਿੰਗ 'ਚ 950 ਵਿਚ ਹੋਈ ਸ਼ਾਮਿਲ ਅਗਲੀ ਖ਼ਬਰ ਐਲਨ ਮਸਕ ਦੇ ਸਪੇਸਐਕਸ ਦਾ ਰਾਕੇਟ ਫਟਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।