ਚੰਡੀਗੜ੍ਹ, 19 ਜੂਨ (ਅਜੀਤ ਬਿਊਰੋ)ਨੈਸ਼ਨਲ ਗਤਕਾ ਐਸੋਸੀਏਸ਼ਨ ਆਫ਼ ਇੰਡੀਆ (ਐਨ. ਜੀ. ਏ. ਆਈ.) ਵਲੋਂ ਕਰਵਾਈ ਤਿੰਨ ਰੋਜ਼ਾ 12ਵੀਂ ਰਾਸ਼ਟਰੀ ਗਤਕਾ (ਪੁਰਸ਼ ਤੇ ਮਹਿਲਾ) ਚੈਂਪੀਅਨਸ਼ਿਪ ਨਵੀਂ ਦਿੱਲੀ ਦੇ ਤਾਲਕਟੋਰਾ ਇਨਡੋਰ ਸਟੇਡੀਅਮ ਵਿਖੇ ਸਫਲਤਾਪੂਰਵਕ ਸਮਾਪਤ ਹੋਈ, ਜਿਸ 'ਚ 14 ਸੂਬਿਆਂ ਤੋਂ 500 ਤੋਂ ਵੱਧ ਖਿਡਾਰੀਆਂ ਵਾਲੀਆਂ ਪੁਰਸ਼ ਅਤੇ ਮਹਿਲਾ ਗਤਕਾ ਟੀਮਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ | ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ (ਸੇਵਾਮੁਕਤ) ਤਲਵੰਤ ਸਿੰਘ ਤੇ ਵਿਸ਼ੇਸ਼ ਮਹਿਮਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਰਣਜੀਤ ਕੌਰ ਨੇ ਜੇਤੂਆਂ ਨੂੰ ਤਗਮੇ ਤੇ ਟਰਾਫ਼ੀਆਂ ਭੇਟ ਕੀਤੀਆਂ | ਆਪਣੇ ਸੰਬੋਧਨ ਦੌਰਾਨ ਜਸਟਿਸ ਤਲਵੰਤ ਸਿੰਘ ਨੇ ਗਤਕਾ ਖਿਡਾਰੀਆਂ ਨੂੰ ਇਸ ਰਵਾਇਤੀ ਸਿੱਖ ਮਾਰਸ਼ਲ ਆਰਟ ਦੀ ਸੱਭਿਆਚਾਰਕ ਤੇ ਮਾਰਸ਼ਲ ਵਿਰਾਸਤ ਨੂੰ ਸੰਭਾਲਦਿਆਂ ਪੇਸ਼ੇਵਰ ਗੱਤਕਾਬਾਜ਼ ਬਣਨ ਲਈ ਪ੍ਰੇਰਿਤ ਕੀਤਾ | ਐਨ. ਜੀ. ਏ. ਆਈ. ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਚੈਂਪੀਅਨਸ਼ਿਪ ਦੀ ਸ਼ਾਨਦਾਰ ਸਫ਼ਲਤਾ ਲਈ ਸਾਰੇ ਭਾਗੀਦਾਰਾਂ, ਮਹਿਮਾਨਾਂ ਤੇ ਅਧਿਕਾਰੀਆਂ/ਕਰਮਚਾਰੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਹਰਮਨਪ੍ਰੀਤ ਸਿੰਘ ਜੌਲੀ, ਡਾ. ਤੇਜਿੰਦਰਪਾਲ ਸਿੰਘ ਨਲਵਾ ਤੇ ਸੁਖਚੈਨ ਸਿੰਘ ਕਲਸਾਨੀ ਵੀ ਮੌਜੂਦ ਸਨ | ਚੈਂਪੀਅਨਸ਼ਿਪ ਦੌਰਾਨ ਪੰਜਾਬ ਦੀਆਂ ਲੜਕੀਆਂ ਨੇ ਓਵਰਆਲ ਟਰਾਫ਼ੀ ਜਿੱਤੀ ਜਦ ਕਿ ਚੰਡੀਗੜ੍ਹ ਦੂਜੇ ਸਥਾਨ ਤੇ ਹਰਿਆਣਾ ਤੀਜੇ ਸਥਾਨ 'ਤੇ ਰਿਹਾ | ਲੜਕਿਆਂ ਦੇ ਵਰਗ 'ਚ ਪੰਜਾਬ ਓਵਰਆਲ ਚੈਂਪੀਅਨ ਬਣਿਆ, ਛੱਤੀਸਗੜ੍ਹ ਦੂਜੇ ਸਥਾਨ ਜਦ ਕਿ ਉੱਤਰਾਖੰਡ ਤੀਜੇ ਸਥਾਨ 'ਤੇ ਰਿਹਾ | ਵਿਸ਼ੇਸ਼ ਪੁਰਸਕਾਰ ਹਾਸਿਲ ਕਰਨ ਵਾਲਿਆਂ 'ਚ ਚੰਡੀਗੜ੍ਹ ਦੀ ਰਵਲੀਨ ਕੌਰ ਤੇ ਪੰਜਾਬ ਦੀ ਹਰਮਨਦੀਪ ਕੌਰ ਨੂੰ ਲੜਕੀਆਂ ਦੇ ਵਰਗ ਵਿਚ ਸਰਬੋਤਮ ਖਿਡਾਰੀ ਤੇ ਸਰਬੋਤਮ ਪ੍ਰਦਰਸ਼ਨ ਲਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ | ਪੰਜਾਬ ਦੇ ਸ਼ੈਰੀ ਸਿੰਘ ਨੂੰ ਲੜਕਿਆਂ ਦੇ ਵਰਗ ਵਿਚ ਸਰਬੋਤਮ ਖਿਡਾਰੀ ਐਲਾਨਿਆ ਗਿਆ ਤੇ ਪੰਜਾਬ ਦੇ ਹਰਸਿਮਰਨ ਸਿੰਘ ਨੂੰ ਸਰਬੋਤਮ ਪ੍ਰਦਰਸ਼ਨ ਦਾ ਪੁਰਸਕਾਰ ਮਿਲਿਆ | ਲੜਕਿਆਂ ਦੇ ਅੰਡਰ-14 ਸਿੰਗਲ ਸਟਿੱਕ ਵਿਅਕਤੀਗਤ ਮੁਕਾਬਲੇ 'ਚ ਉੱਤਰਾਖੰਡ ਦੇ ਗਗਨਦੀਪ ਸਿੰਘ ਨੇ ਸੋਨ ਤਗਮਾ, ਅੰਡਰ-14 ਫੈਰੀ ਸਟਿੱਕ ਟੀਮ ਮੁਕਾਬਲੇ 'ਚ ਪੰਜਾਬ ਨੇ ਸੋਨ ਤਗਮਾ ਹਾਸਿਲ ਕੀਤਾ | ਲੜਕਿਆਂ ਦੇ ਅੰਡਰ-17 ਸਿੰਗਲ ਸਟਿੱਕ ਵਿਅਕਤੀਗਤ ਮੁਕਾਬਲੇ 'ਚ ਛੱਤੀਸਗੜ੍ਹ ਦੇ ਸਮਰਥ ਸਿੰਘ ਨੇ ਸੋਨ ਤਗਮਾ ਹਾਸਿਲ ਕੀਤਾ | ਲੜਕਿਆਂ ਦੇ ਅੰਡਰ-19 ਸਿੰਗਲ ਸਟਿੱਕ ਵਿਅਕਤੀਗਤ ਮੁਕਾਬਲੇ 'ਚ ਛੱਤੀਸਗੜ੍ਹ ਦੇ ਹਰਕੀਰਤ ਸਿੰਘ ਨੇ ਸੋਨ ਤਗਮਾ ਜਿੱਤਿਆ | ਸਿੰਗਲ ਸਟਿੱਕ ਟੀਮ ਮੁਕਾਬਲੇ 'ਚ ਪੰਜਾਬ ਨੇ ਸੋਨ, ਲੜਕਿਆਂ ਦੇ ਅੰਡਰ-22 ਸਿੰਗਲ ਸਟਿੱਕ ਵਿਅਕਤੀਗਤ ਮੁਕਾਬਲਿਆਂ 'ਚ ਪੰਜਾਬ ਦੇ ਮਨਿੰਦਰ ਸਿੰਘ ਨੇ ਸੋਨ ਤਗਮਾ ਜਿੱਤਿਆ | ਸਿੰਗਲ ਸਟਿੱਕ ਟੀਮ ਮੁਕਾਬਲਿਆਂ 'ਚ ਪੰਜਾਬ ਨੇ ਸੋਨ ਤਗਮਾ ਜਿੱਤਿਆ | ਫ੍ਰੀ ਸਟਿੱਕ ਵਿਅਕਤੀਗਤ ਮੁਕਾਬਲਿਆਂ 'ਚ ਚੰਡੀਗੜ੍ਹ ਦੇ ਦਿਲਪ੍ਰੀਤ ਸਿੰਘ ਨੇ ਸੋਨ ਤਗਮਾ ਜਿੱਤਿਆ | ਫ੍ਰੀ ਸਟਿੱਕ ਟੀਮ ਮੁਕਾਬਲਿਆਂ 'ਚ ਪੰਜਾਬ ਨੇ ਸੋਨ ਤਗਮਾ ਜਿੱਤਿਆ | ਲੜਕੀਆਂ ਦੇ ਅੰਡਰ-22 ਫ੍ਰੀ ਸਟਿੱਕ ਵਿਅਕਤੀਗਤ ਮੁਕਾਬਲੇ 'ਚ ਪੰਜਾਬ ਨੇ ਸੋਨ ਤਗਮਾ ਪ੍ਰਾਪਤ ਕੀਤਾ | ਲੜਕਿਆਂ ਦੇ ਅੰਡਰ-25 ਸਿੰਗਲ ਸਟਿੱਕ ਵਿਅਕਤੀਗਤ ਮੁਕਾਬਲੇ 'ਚ ਪੰਜਾਬ ਦੇ ਸ਼ੈਰੀ ਸਿੰਘ ਨੇ ਸੋਨ ਤਗਮਾ ਜਿੱਤਿਆ |