ਪੰਚਕੂਲਾ, 19 ਜੂਨ (ਕਪਿਲ)-ਪੰਚਕੂਲਾ ਦੇ ਰਾਏਪੁਰ ਰਾਣੀ ਥਾਣੇ 'ਚ ਇਕ ਨੌਜਵਾਨ ਵਲੋਂ ਫਾਹਾ ਲਗਾ ਕੇ ਆਤਮ-ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਹ ਮਾਮਲਾ ਕਾਫ਼ੀ ਗਰਮਾ ਗਿਆ ਹੈ ਕਿਉਂਕਿ ਮਿ੍ਤਕ ਨੌਜਵਾਨ ਦੇ ਪਰਿਵਾਰਕ ਮੈਂਬਰ ਪੁਲਿਸ 'ਤੇ ਗੰਭੀਰ ਦੋਸ਼ ਲਗਾ ਰਹੇ ਹਨ | ਪੁਲਿਸ ਦੇ ਉੱਚ ਅਧਿਕਾਰੀ ਵੀ ਮਾਮਲੇ ਦੀ ਜਾਂਚ ਜੁੱਟੇ ਹੋਏ ਹਨ | ਪੰਚਕੂਲਾ ਦੇ ਸੀ. ਜੀ. ਐਮ. ਅਜੇ ਕੁਮਾਰ ਘਣਘਸ ਨੇ ਇਸ ਮਾਮਲੇ ਦੇ ਚਲਦਿਆਂ ਥਾਣੇ ਦਾ ਦੌਰਾ ਕਰਕੇ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ | ਘਟਨਾ ਤੋਂ ਬਾਅਦ ਏ. ਸੀ. ਪੀ. ਕ੍ਰਾਈਮ ਅਰਵਿੰਦ ਕੰਬੋਜ, ਏ. ਸੀ. ਪੀ. ਸੁਰਿੰਦਰ ਤੇ ਹੋਰ ਏ. ਸੀ. ਪੀ. ਮੌਕੇ 'ਤੇ ਮੌਜੂਦ ਰਹੇ | ਇਸੇ ਦੌਰਾਨ ਜਿਥੇ ਸੀ. ਜੇ. ਐਮ. ਅਜੇ ਕੁਮਾਰ ਘਣਘਸ ਨੇ ਮੌਕੇ 'ਤੇ ਮੌਜੂਦ ਪੁਲਿਸ ਅਧਿਕਾਰੀਆਂ ਨੂੰ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਕਬਜ਼ੇ 'ਚ ਲੈਣ ਦੇ ਹੁਕਮ ਦਿੱਤੇ, ਉਥੇ ਹੀ ਮਿ੍ਤਕ 24 ਸਾਲਾ ਅਭਿਸ਼ੇਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਪੰਚਕੂਲਾ ਦੇ ਸੈਕਟਰ-6 ਦੇ ਜਨਰਲ ਹਸਪਤਾਲ ਦੀ ਮੋਰਚਰੀ ਵਿਖੇ ਰਖਵਾਇਆ ਗਿਆ, ਜਿਥੇ ਕਿ ਡਾਕਟਰਾਂ ਦੇ ਬੋਰਡ ਤੇ ਸੀ. ਜੀ. ਐਮ. ਦੀ ਮੌਜੂਦਗੀ 'ਚ ਪੋਸਟਮਾਰਟਮ ਦੀ ਵੀਡੀਓਗ੍ਰਾਫ਼ੀ ਕਰਵਾਈ ਜਾਵੇਗੀ | ਇਸ ਮੌਕੇ ਮਿ੍ਤਕ ਨੌਜਵਾਨ ਦੀ ਪਤਨੀ ਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਕੇਸ਼ਵ ਨੂੰ ਚੋਰੀ ਦੇ ਮਾਮਲੇ 'ਚ ਪੁਲਿਸ ਵਲੋਂ ਥਾਣੇ ਲਿਜਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਇਸ ਬਾਬਤ ਕਿਸੇ ਤਰ੍ਹਾਂ ਦੀ ਕੋਈ ਸੂਚਨਾ ਨਹੀਂ ਦਿੱਤੀ ਗਈ ਸੀ, ਜਦ ਕਿ ਬਾਅਦ 'ਚ ਉਨ੍ਹਾਂ ਨੂੰ ਦੱਸਿਆ ਗਿਆ ਕਿ ਕੇਸ਼ਵ ਨੇ ਖ਼ੁਦਕੁਸ਼ੀ ਕਰ ਲਈ ਹੈ | ਮਾਮਲੇ 'ਚ ਪਰਿਵਾਰ ਵਲੋਂ ਦੋਸ਼ੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ | ਘਟਨਾ ਨੂੰ ਲੈ ਕੇ ਪਰਿਵਾਰ ਸਮੇਤ ਖੇਤਰ ਦੇ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਓਧਰ ਦੂਜੇ ਪਾਸੇ ਪੰਚਕੂਲਾ ਪੁਲਿਸ ਪੀ. ਆਰ. ਓ. ਵਲੋਂ ਚੋਰੀ ਦੇ ਮਾਮਲੇ 'ਚ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ ਅਤੇ ਥਾਣੇ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਸਾਫ਼ ਰਿਕਾਰਡ ਹੋਇਆ ਹੈ ਕਿ ਨੌਜਵਾਨ ਖ਼ੁਦ ਫਾਂਸੀ ਲਗਾ ਰਿਹਾ ਹੈ | ਘਟਨਾ ਤੋਂ ਤੁਰੰਤ ਬਾਅਦ ਪੁਲਿਸ ਵਲੋਂ ਨੌਜਵਾਨ ਨੂੰ ਸੈਕਟਰ-6 ਦੇ ਜਨਰਲ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ | ਇਸ ਸੰਬੰਧ 'ਚ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਜੇਕਰ ਕੋਈ ਵੀ ਪੁਲਿਸ ਮੁਲਾਜ਼ਮ ਜਾਂ ਕੋਈ ਹੋਰ ਵਿਅਕਤੀ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ | ਦੂਜੇ ਪਾਸੇ ਮਿ੍ਤਕ ਅਭਿਸ਼ੇਕ ਦੇ ਪਿਤਾ ਦਰਸ਼ਨ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਪੁੱਤਰ 'ਤੇ ਚੋਰੀ ਦਾ ਝੂਠਾ ਦੋਸ਼ ਲਗਾਇਆ ਗਿਆ ਸੀ | ਉਨ੍ਹਾਂ ਕਿਹਾ ਕਿ ਪਿੰਡ ਦੇ ਸਰਪੰਚ ਤੇ ਹੋਰਨਾਂ ਲੋਕਾਂ ਵਲੋਂ ਹੀ ਇਹ ਝੂਠਾ ਦੋਸ਼ ਲਗਾਇਆ ਗਿਆ ਸੀ | ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ ਤੇ ਮੁਲਜ਼ਮਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਥਾਣੇ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਉਸ ਨੂੰ ਹੁਣ ਤੱਕ ਨਹੀਂ ਦਿਖਾਈ ਗਈ |