ਐੱਸ. ਏ. ਐੱਸ. ਨਗਰ, 19 ਜੂਨ (ਪ੍ਰੋ. ਅਵਤਾਰ ਸਿੰਘ)-ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਡਿਪਟੀ ਕਮਿਸ਼ਨਰ ਮੁਹਾਲੀ ਕੋਮਲ ਮਿੱਤਲ ਨੂੰ ਇਕ ਪੱਤਰ ਲਿਖ ਕੇ ਲਖਨੌਰ ਚੋਅ ਦੀ ਤੁਰੰਤ ਸਫ਼ਾਈ ਕਰਵਾਉਣ ਦੀ ਮੰਗ ਕੀਤੀ ਹੈ | ਇਸ ਦੇ ਨਾਲ ਹੀ ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਲਖਨੌਰ ਚੋਅ ਦੀ ਸਮੇਂ ਸਿਰ ਸਫ਼ਾਈ ਨਾ ਹੋਣ ਕਾਰਨ ਮੁਹਾਲੀ ਦੇ ਕਈ ਇਲਾਕਿਆਂ ਜਿਵੇਂ ਕਿ ਫੇਜ਼-7, ਫੇਜ਼-3ਬੀ2, ਫੇਜ਼-4, ਫੇਜ਼-5, ਸੈਕਟਰ-70, 71, ਪਿੰਡ ਮਟੌਰ ਤੇ ਉਦਯੋਗਿਕ ਖੇਤਰ 'ਚ ਬਰਸਾਤਾਂ ਦੌਰਾਨ ਬਰਸਾਤੀ ਪਾਣੀ ਦੀ ਮਾਰ ਦਾ ਖ਼ਤਰਾ ਮੰਡਰਾ ਰਿਹਾ ਹੈ | ਉਨ੍ਹਾਂ ਕਿਹਾ ਕਿ ਚੋਅ 'ਚ ਮਿੱਟੀ, ਗਾਦ, ਬੂਟੀਆਂ ਤੇ ਕੂੜਾ-ਕਰਕਟ ਦੀ ਵਾਧੂ ਮਾਤਰਾ ਇਕੱਠੀ ਹੋਣ ਕਾਰਨ ਪਾਣੀ ਦੀ ਨਿਕਾਸੀ ਬਹੁਤ ਘੱਟ ਚੁੱਕੀ ਹੈ | ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਚੋਅ ਦੇ ਕਈ ਹਿੱਸਿਆਂ 'ਚ ਨਾਜਾਇਜ਼ ਕਬਜ਼ੇ ਤੇ ਗੰਦਗੀ ਵੀ ਪਾਣੀ ਦੇ ਵਹਾਅ 'ਚ ਰੁਕਾਵਟ ਬਣ ਰਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਫੌਰੀ ਤੌਰ 'ਤੇ ਡਰੇਨੇਜ਼ ਵਿਭਾਗ ਰਾਹੀਂ ਚੋਅ ਦੀ ਪੂਰੀ ਸਫ਼ਾਈ ਨਹੀਂ ਹੋਈ ਤਾਂ ਇਹ ਚੋਅ ਓਵਰਫਲੋ ਹੋ ਕੇ ਨੇੜਲੇ ਇਲਾਕਿਆਂ ਨੂੰ ਭਾਰੀ ਨੁਕਸਾਨ ਪਹੁੰਚਾ ਸਕਦੀ ਹੈ | ਡਿਪਟੀ ਮੇਅਰ ਬੇਦੀ ਨੇ ਆਪਣੇ ਪੱਤਰ ਰਾਹੀਂ ਭਾਰੀ ਬਰਸਾਤਾਂ ਦੀ ਸੰਭਾਵਨਾ ਨੂੰ ਧਿਆਨ 'ਚ ਰੱਖਦੇ ਹੋਏ ਡੀ. ਸੀ. ਨੂੰ ਅਪੀਲ ਕੀਤੀ ਹੈ ਕਿ ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਲਈ ਲਖਨੌਰ ਚੋਅ ਦੀ ਸਫ਼ਾਈ ਯਕੀਨੀ ਬਣਾਈ ਜਾਵੇ | ਉਨ੍ਹਾਂ ਕਿਹਾ ਕਿ ਮੁਹਾਲੀ ਵਾਸੀਆਂ ਦੀ ਭਲਾਈ ਅਤੇ ਸੁਰੱਖਿਆ ਲਈ ਇਹ ਕਦਮ ਬਹੁਤ ਜ਼ਰੂਰੀ ਹੈ ਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਡੀ. ਸੀ. ਮੁਹਾਲੀ ਇਸ ਸੰਬੰਧੀ ਸੰਬੰਧਤ ਵਿਭਾਗ ਤੋਂ ਤੁਰੰਤ ਕਾਰਵਾਈ ਕਰਵਾਉਣਗੇ |