ਐੱਸ. ਏ. ਐੱਸ. ਨਗਰ, 19 ਜੂਨ (ਕਪਿਲ ਵਧਵਾ)-ਗੁਰਦੁਆਰਾ ਸਾਹਿਬ ਸਿੰਘ ਸ਼ਹੀਦਾਂ ਦੀ ਹੱਦ ਨਾਲ ਲੱਗਦੀ ਇਕ ਮੀਟ ਦੀ ਦੁਕਾਨ ਨੂੰ ਬੰਦ ਕਰਵਾਉਣ ਗਏ ਦੁਕਾਨ ਮਾਲਕ ਦੇ ਪਰਿਵਾਰ 'ਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਪਿਛਲੇ ਮਹੀਨੇ ਗੁਰਦੁਆਰਾ ਸ੍ਰੀ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਇਕ ਧਾਰਮਿਕ ਸਮਾਗਮ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਕੁਲਦੀਪ ਸਿੰਘ ਗੜਗੱਜ ਵਲੋਂ ਗੁਰਦੁਆਰਾ ਕੰਪਲੈਕਸ ਨੇੜੇ ਮੀਟ, ਸ਼ਰਾਬ ਤੇ ਤੰਮਾਕੂ ਦੀਆਂ ਦੁਕਾਨਾਂ ਨੂੰ ਤੁਰੰਤ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ | ਇਸ ਦੇ ਅਨੁਸਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਪੱਤਰ ਰਾਹੀਂ ਸੂਚਿਤ ਕੀਤਾ ਗਿਆ ਸੀ | ਕਾਰਵਾਈ ਕਰਦਿਆਂ ਨਾਇਬ ਤਹਿਸੀਲਦਾਰ ਤੇ ਕਾਰਪੋਰੇਸ਼ਨ ਦੇ ਉੱਚ ਅਧਿਕਾਰੀ ਵਲੋਂ ਛਾਪੇ ਮਾਰੇ ਗਏ ਅਤੇ ਗੁਰਦੁਆਰਾ ਦੇ ਨੇੜੇ ਵਾਪਰ ਰਹੀਆਂ ਅਸੰਸਕਾਰਕ ਦੁਕਾਨਾਂ ਨੂੰ ਬੰਦ ਕਰਵਾਇਆ ਗਿਆ | ਹਾਲਾਂਕਿ, ਗੁਰਦੁਆਰਾ ਦੀ ਬਾਊਾਡਰੀ ਨਾਲ ਲੱਗਦੀ ਮੀਟ ਦੀ ਇਕ ਦੁਕਾਨ, ਜੋ ਕਿ ਬਲਜਿੰਦਰ ਸਿੰਘ ਉਰਫ਼ ਸੋਨੀ ਦੇ ਨਾਂਅ 'ਤੇ ਚੱਲ ਰਹੀ ਸੀ, ਉਸ ਨੇ ਹੁਕਮਾਂ ਦੀ ਉਲੰਘਣਾ ਕਰਦਿਆਂ ਆਪਣੀ ਦੁਕਾਨ ਬੰਦ ਕਰਨ ਤੋਂ ਇਨਕਾਰ ਕਰ ਦਿੱਤਾ | ਦਾਅਵਾ ਕੀਤਾ ਜਾ ਰਿਹਾ ਹੈ ਕਿ ਜਦੋਂ ਗੁਰਦੁਆਰਾ ਕਮੇਟੀ ਵਲੋਂ ਦੁਕਾਨ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਦੁਕਾਨ ਮਾਲਕ 'ਤੇ ਹਮਲਾ ਕਰ ਦਿੱਤਾ ਗਿਆ | ਹਮਲੇ ਦੌਰਾਨ ਦੁਕਾਨ ਮਾਲਕ ਦੀ ਧਰਮ ਪਤਨੀ ਗੁਰਮੀਤ ਕੌਰ ਤੇ ਉਨ੍ਹਾਂ ਦੇ ਬੇਟੇ ਪਿ੍ੰਸ 'ਤੇ ਹਥਿਆਰਾਂ ਨਾਲ ਹਮਲਾ ਕੀਤਾ ਗਿਆ | ਇਨ੍ਹਾਂ 'ਤੇ ਨਾ ਸਿਰਫ਼ ਹਿੰਸਕ ਹਮਲਾ ਕੀਤਾ ਸਗੋਂ ਗੁਰਮੀਤ ਕੌਰ ਦੀ ਇੱਜ਼ਤ ਤੇ ਕਕਾਰਾਂ ਦੀ ਵੀ ਬੇਅਦਬੀ ਕੀਤੀ ਗਈ | ਉਨ੍ਹਾਂ ਦੇ ਕੱਪੜੇ ਵੀ ਪਾੜੇ ਜਾਣ ਦੀ ਗੰਭੀਰ ਘਟਨਾ ਸਾਹਮਣੇ ਆਈ ਹੈ | ਇਸ ਸੰਬੰਧੀ ਸੋਹਾਣਾ ਥਾਣਾ ਮੁਖੀ ਤੇ ਡੀ. ਐਸ. ਪੀ. ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਜ਼ਖ਼ਮੀ ਗੁਰਮੀਤ ਕੌਰ ਤੇ ਉਨ੍ਹਾਂ ਦੇ ਬੇਟੇ ਨੂੰ ਮੁਹਾਲੀ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ | ਘਟਨਾ ਬਾਰੇ ਐੱਸ. ਐੱਚ. ਓ. ਅਮਨਦੀਪ ਸਿੰਘ ਦਾ ਕਹਿਣਾ ਹੈ ਮੀਟ ਦੀ ਦੁਕਾਨ ਚਲਾਉਣ ਵਾਲਿਆਂ ਨੇ ਮਾਰਕੀਟ ਦੇ ਪ੍ਰਧਾਨ ਜਸ਼ਨਪ੍ਰੀਤ ਸਿੰਘ ਖ਼ਿਲਾਫ਼ ਕੁੱਟਮਾਰ ਕਰਨ ਸੰਬੰਧੀ ਸ਼ਿਕਾਇਤ ਦਿੱਤੀ ਹੈ | ਉਨ੍ਹਾਂ ਕਿਹਾ ਕਿ ਫ਼ਿਲਹਾਲ ਇਹ ਮਾਮਲਾ ਜਾਂਚ ਅਧੀਨ ਹੈ ਤੇ ਤਫ਼ਤੀਸ਼ ਕਰਨ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |