ਜ਼ੀਰਕਪੁਰ, 19 ਜੂਨ (ਮਨਿੰਦਰ ਸਿੰਘ)-ਪੁਰਾਣੀ ਕਾਲਕਾ ਰੋਡ 'ਤੇ ਸਥਿਤ ਗੁਰੂ ਨਾਨਕ ਇਨਕਲੇਵ ਸੁਸਾਇਟੀ 'ਚ ਮੰਦਰ ਦੀ ਉਸਾਰੀ ਨੂੰ ਲੈ ਕੇ ਦੋ ਧਿਰਾਂ ਆਹਮੋ ਸਾਹਮਣੇ ਹੋ ਗਈਆਂ | ਇਸ ਦੀ ਇਕ ਲਿਖਤੀ ਸ਼ਿਕਾਇਤ ਨਗਰ ਕੌਂਸਲ ਜ਼ੀਰਕਪੁਰ ਕੋਲ ਪਹੁੰਚ ਗਈ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਮੰਦਰ ਦੀ ਉਸਾਰੀ ਦਾ ਕੰਮ ਬੰਦ ਕਰਵਾ ਦਿੱਤਾ | ਜਾਣਕਾਰੀ ਅਨੁਸਾਰ ਗੁਰੂ ਨਾਨਕ ਇਨਕਲੇਵ ਵਿਖੇ ਸਾਂਝੀ ਥਾਂ 'ਤੇ ਮੰਦਰ ਦੀ ਉਸਾਰੀ ਕੀਤੀ ਜਾ ਰਹੀ ਸੀ, ਜਿਸ ਨੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇ ਹੋ ਗਈਆਂ | ਸੁਸਾਇਟੀ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਮੰਦਰ ਸੀਵਰੇਜ ਲਾਈਨ 'ਤੇ ਬਣਾਇਆ ਜਾ ਰਿਹਾ, ਜੋ ਕਿ ਸਰਾਸਰ ਗ਼ਲਤ ਹੈ | ਇਸ ਬਾਰੇ ਸਥਾਨਕ ਵਸਨੀਕ ਨੀਰਜ ਕੁਮਾਰ ਤੇ ਹੋਰਨਾਂ ਨੇ ਕਿਹਾ ਕਿ ਸੁਸਾਇਟੀ 'ਚ ਜਿਸ ਖਾਲੀ ਥਾਂ 'ਤੇ ਮੰਦਰ ਬਣਾਇਆ ਜਾ ਰਿਹਾ ਹੈ, ਉਸ ਦੇ ਥੱਲੇ ਸੀਵਰੇਜ ਲਾਈਨ ਤੇ ਮੀਂਹ ਦੇ ਪਾਣੀ ਦੀ ਲਾਈਨ ਲੰਘਦੀ ਹੈ | ਉਨ੍ਹਾਂ ਕਿਹਾ ਕਿ ਜੇਕਰ ਕਦੇ ਸੀਵਰੇਜ ਲਾਈਨ ਜਾਂ ਮੀਂਹ ਦੇ ਪਾਣੀ ਦੀ ਲਾਈਨ ਬੰਦ ਹੁੰਦੀ ਹੈ ਤਾਂ ਮੰਦਰ ਦਾ ਕੀ ਬਣੇਗਾ | ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਕੀ ਸੀਵਰੇਜ ਲਾਈਨ 'ਤੇ ਮੰਦਰ ਬਣਾਉਣਾ ਜਾਇਜ਼ ਹੈ | ਉਨ੍ਹਾਂ ਕਿਹਾ ਕਿ ਅਸੀਂ ਮੰਦਰ ਬਣਾਉਣ ਦੇ ਖ਼ਿਲਾਫ਼ ਨਹੀਂ ਹਾਂ, ਸਗੋਂ ਸੀਵਰੇਜ ਲਾਈਨ 'ਤੇ ਮੰਦਰ ਬਣਾਉਣ ਦੇ ਖ਼ਿਲਾਫ਼ ਹਾਂ | ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸੁਸਾਇਟੀ ਦੇ ਲੋਕ ਕੋਈ ਪਲਾਟ ਖ਼ਰੀਦ ਕੇ ਮੰਦਰ ਬਣਾਉਂਦੇ ਹਨ ਤਾਂ ਅਸੀਂ ਆਪਣੀ ਆਸਥਾ ਤੇ ਹਿੱਸੇਦਾਰੀ ਤੋਂ ਵਧ ਕੇ ਇਸ ਵਿਚ ਸਹਿਯੋਗ ਕਰਨ ਲਈ ਤਿਆਰ ਹਾਂ | ਦੂਜੇ ਪਾਸੇ ਕੁਝ ਲੋਕ ਸੀਵਰੇਜ ਲਾਈਨ 'ਤੇ ਮੰਦਰ ਬਣਾਉਣ ਲਈ ਅੜੇ ਹੋਏ ਹਨ | ਸੁਸਾਇਟੀ ਵਾਸੀ ਪ੍ਰਕਾਸ਼ ਕੁਮਾਰ, ਵਿਨੋਦ ਕੁਮਾਰ ਤੇ ਸਥਾਨਕ ਔਰਤਾਂ ਨੇ ਕਿਹਾ ਕਿ ਇਹ ਜਗ੍ਹਾ ਖਾਲੀ ਪਈ ਹੈ ਤੇ ਸੁਸਾਇਟੀ ਦੇ ਅੱਧੇ ਤੋਂ ਵੱਧ ਲੋਕ ਇਥੇ ਮੰਦਰ ਬਣਾਉਣ ਦੇ ਹੱਕ ਵਿਚ ਹਨ | ਇਹ ਜਗ੍ਹਾ ਲੰਬੇ ਸਮੇਂ ਤੋਂ ਖਾਲੀ ਪਈ ਹੈ, ਇਸ ਲਈ ਅਸੀਂ ਇਥੇ ਮੰਦਰ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਹੈ | ਮੰਦਰ ਦਾ ਕੰਮ ਸ਼ੁਰੂ ਕਰਨ ਦੇ ਨਾਲ-ਨਾਲ ਇਥੇ ਝੰਡਾ ਵੀ ਲਗਾਇਆ ਗਿਆ ਹੈ | ਸੁਸਾਇਟੀ ਦੇ ਲੋਕਾਂ ਦੀ ਸਹਿਮਤੀ ਨਾਲ ਹੀ ਇਥੇ ਮੰਦਰ ਬਣਾਇਆ ਜਾ ਰਿਹਾ ਹੈ | ਮਾਮਲੇ ਸੰਬੰਧੀ ਸੰਪਰਕ ਕਰਨ 'ਤੇ ਨਗਰ ਕੌਂਸਲ ਜ਼ੀਰਕਪੁਰ ਦੇ ਬਿਲਡਿੰਗ ਇੰਸਪੈਕਟਰ ਅਜੈ ਬਰਾੜ ਨੇ ਕਿਹਾ ਕਿ ਬੁੱਧਵਾਰ ਨੂੰ ਗੁਰੂ ਨਾਨਕ ਇਨਕਲੇਵ ਸੁਸਾਇਟੀ ਦੇ ਕੁਝ ਲੋਕਾਂ ਨੇ ਸੜਕ ਦੇ ਕਿਨਾਰੇ 'ਤੇ ਸੀਵਰੇਜ ਲਾਈਨ 'ਤੇ ਮੰਦਰ ਦੀ ਉਸਾਰੀ ਕੀਤੇ ਜਾਣ ਵਿਰੁੱਧ ਸ਼ਿਕਾਇਤ ਦਿੱਤੀ ਸੀ, ਜਿਸ ਤੋਂ ਬਾਅਦ ਦੂਜੀ ਧਿਰ ਨੂੰ ਕੰਮ ਰੋਕਣ ਲਈ ਕਿਹਾ ਗਿਆ ਸੀ, ਪਰ ਵੀਰਵਾਰ ਨੂੰ ਕੰਮ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ, ਲਿਹਾਜ਼ਾ ਉਨ੍ਹਾਂ ਮੌਕੇ 'ਤੇ ਜਾ ਕੇ ਕੰਮ ਰੁਕਵਾ ਕੇ ਦੋਵਾਂ ਧਿਰਾਂ ਨੂੰ ਨਗਰ ਕੌਂਸਲ ਦਫ਼ਤਰ ਵਿਖੇ ਕਾਰਜ ਸਾਧਕ ਅਫ਼ਸਰ ਕੋਲ ਪੇਸ਼ ਹੋਣ ਲਈ ਆਖਿਆ ਹੈ |