ਐੱਸ. ਏ. ਐੱਸ. ਨਗਰ, 20 ਜੂਨ (ਪ੍ਰੋ. ਅਵਤਾਰ ਸਿੰਘ)-ਜ਼ਿਲ੍ਹਾ ਮੁਹਾਲੀ ਦੀ ਦਿੱਖ ਨੂੰ ਸੁੰਦਰ ਬਣਾਉਣ ਅਤੇ ਸਾਫ਼-ਸਫ਼ਾਈ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵਲੋਂ ਗਮਾਡਾ, ਨਗਰ ਨਿਗਮ ਮੁਹਾਲੀ ਤੇ ਵੱਖ-ਵੱਖ ਸ਼ਹਿਰੀ ਸਥਾਨਕ ਸੰਸਥਾਵਾਂ ਦੇ ਅਧਿਕਾਰੀਆਂ ਨਾਲ ਇਕ ਉੱਚ ਪੱਧਰੀ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਡੀ. ਸੀ. ਨੇ ਸੜਕ ਕਿਨਾਰੇ ਕੂੜਾ ਸੁੱਟਣ ਤੇ ਉਸਾਰੀ ਮਲਬਾ ਅੰਨ੍ਹੇਵਾਹ ਡੰਪ ਕਰਨ ਦੇ ਵਧ ਰਹੇ ਰੁਝਾਨ 'ਤੇ ਚਿੰਤਾ ਪ੍ਰਗਟ ਕੀਤੀ | ਉਨ੍ਹਾਂ ਨੇ ਉਸਾਰੀ ਮਲਬਾ ਸਮੱਗਰੀ ਦੇ ਨਿਪਟਾਰੇ ਲਈ ਨਿਰਧਾਰਤ ਥਾਵਾਂ ਦੀ ਤੁਰੰਤ ਨਿਸ਼ਾਨਦੇਹੀ ਕਰਨ 'ਤੇ ਜ਼ੋਰ ਦਿੱਤਾ ਅਤੇ ਗਮਾਡਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਅਜਿਹੇ ਮਲਬੇ ਨੂੰ ਇੱਟਾਂ ਅਤੇ ਬਲਾਕਾਂ ਵਰਗੀਆਂ ਵਰਤੋਂ ਯੋਗ ਉਸਾਰੀ ਵਸਤੂਆਂ 'ਚ ਬਦਲਣ ਲਈ ਇਕ ਵੱਡੇ ਪੱਧਰ 'ਤੇ ਰੀਸਾਈਕਲਿੰਗ ਪਲਾਂਟ ਲਈ ਪ੍ਰਸਤਾਵ ਤਿਆਰ ਕਰਨ | ਸੜਕਾਂ ਨੂੰ ਸਾਫ਼-ਸੁਥਰਾ ਅਤੇ ਸੁਚੱਜਾ ਰੱਖਣ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਡੀ. ਸੀ. ਨੇ ਗਮਾਡਾ ਤੇ ਨਗਰ ਨਿਗਮ ਮੁਹਾਲੀ ਨੂੰ ਕੂੜਾ ਸੁੱਟਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ | ਉਨ੍ਹਾਂ ਕਿਹਾ ਕਿ ਗਮਾਡਾ-ਪ੍ਰਬੰਧਤ ਖੇਤਰਾਂ 'ਚ ਮਲਬਾ ਤੇ ਕੂੜਾ ਇਕੱਠਾ ਹੋਣ ਦੀਆਂ ਸਮੱਸਿਆਵਾਂ ਵਾਰ-ਵਾਰ ਸਾਹਮਣੇ ਆਈਆਂ ਹਨ, ਲਿਹਾਜ਼ਾ ਇਸ ਸੰਬੰਧ 'ਚ ਤੁਰੰਤ ਸਾਰਥਕ ਕਦਮ ਚੁੱਕੇ ਜਾਣ | ਉਨ੍ਹਾਂ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਵੀ ਸੜਕਾਂ ਕਿਨਾਰੇ ਕੂੜੇ ਅਤੇ ਮਲਬੇ ਦੀ ਡੰਪਿੰਗ ਨੂੰ ਰੋਕਣ ਲਈ ਨਿਯਮਿਤ ਨਿਗਰਾਨ ਨੂੰ ਯਕੀਨੀ ਬਣਾਉਣ ਲਈ ਆਖਿਆ, ਜਦਕਿ ਨਾਗਰਿਕਾਂ ਨੂੰ ਰਹਿੰਦ-ਖੂੰਹਦ ਦਾ ਜ਼ਿੰਮੇਵਾਰੀ ਨਾਲ ਨਿਪਟਾਰਾ ਕਰਨ ਬਾਰੇ ਜਾਗਰੂਕ ਕਰਨ ਲਈ ਜਾਗਰੂਕਤਾ ਮੁਹਿੰਮਾਂ ਚਲਾਉਣ 'ਤੇ ਵੀ ਜੋਰ ਦਿੱਤਾ | ਡੀ. ਸੀ. ਨੇ ਮੁਹਾਲੀ ਨੂੰ ਚੰਡੀਗੜ੍ਹ ਤੇ ਗੁਆਂਢੀ ਰਾਜਾਂ ਨਾਲ ਜੋੜਨ ਵਾਲੀਆਂ ਮੁੱਖ ਸੜਕਾਂ ਦੇ ਸੁੰਦਰੀਕਰਨ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਨ੍ਹਾਂ ਸੜਕਾਂ 'ਤੇ ਹਰੀਆਂ ਪੱਟੀਆਂ ਦਾ ਵਿਕਾਸ ਕੀਤਾ ਜਾਵੇ ਤੇ ਸੜਕਾਂ ਦੇ ਨਾਲ-ਨਾਲ ਪੇਵਰ ਬਲਾਕ ਲਗਾਏ ਜਾਣ | ਮੌਨਸੂਨ ਦੇ ਮੱਦੇਨਜ਼ਰ ਉਨ੍ਹਾਂ ਸਾਰੇ ਵਿਭਾਗਾਂ ਨੂੰ ਢੁਕਵੀਂ ਸਫ਼ਾਈ ਯਕੀਨੀ ਬਣਾਉਣ ਅਤੇ ਮੀਂਹ ਦੇ ਪਾਣੀ ਦੇ ਨਿਰਵਿਘਨ ਵਹਾਅ ਨੂੰ ਯਕੀਨੀ ਬਣਾਉਣ ਲਈ ਬੰਦ ਨਾਲੀਆਂ/ਨਾਲੇ ਤੁਰੰਤ ਖੋਲ੍ਹੇ ਜਾਣ ਦੇ ਨਿਰਦੇਸ਼ ਵੀ ਦਿੱਤੇ | ਇਸ ਮੌਕੇ ਉਚੇਚੇ ਤੌਰ 'ਤੇ ਗੇਟਵੇਅ ਆਫ਼ ਪੰਜਾਬ ਡੇਰਾਬੱਸੀ ਵਿਖੇ ਇਕ ਅਤਿ-ਆਧੁਨਿਕ ਸਵਾਗਤੀ ਗੇਟ ਦੀ ਉਸਾਰੀ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ | ਇਸ ਤਜਵੀਜ਼ ਦੀ ਲਗਾਤਾਰਤਾ 'ਚ ਏਅਰਪੋਰਟ ਰੋਡ ਮੁਹਾਲੀ ਅਤੇ ਪੰਚਕੂਲਾ ਰੋਡ 'ਤੇ ਜ਼ੀਰਕਪੁਰ ਦੀਆਂ ਸੜਕਾਂ 'ਤੇ ਸਟੀਲ ਦੇ ਸਾਈਨ ਬੋਰਡ ਲਗਾਉਣਾ ਸ਼ਾਮਿਲ ਹੈ | ਮੀਟਿੰਗ 'ਚ ਨਗਰ ਨਿਗਮ ਮੁਹਾਲੀ ਦੇ ਕਮਿਸ਼ਨਰ ਪਰਮਿੰਦਰ ਪਾਲ ਸਿੰਘ, ਏ. ਡੀ. ਸੀ. (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ ਅਤੇ ਗਮਾਡਾ ਦੇ ਮੁੱਖ ਇੰਜ. ਅਨੁਜ ਸਹਿਗਲ ਸਮੇਤ ਡੇਰਾਬੱਸੀ, ਜ਼ੀਰਕਪੁਰ, ਖਰੜ ਤੇ ਨਵਾਂਗਰਾਓਾ ਦੀਆਂ ਨਗਰ ਕੌਂਸਲਾਂ ਦੇ ਕਾਰਜਕਾਰੀ ਅਧਿਕਾਰੀ ਹਾਜ਼ਰ ਸਨ |