ਐੱਸ. ਏ. ਐੱਸ. ਨਗਰ, 20 ਜੂਨ (ਕਪਿਲ ਵਧਵਾ)-ਮੁਹਾਲੀ ਪੁਲਿਸ ਨੇ ਬੁੱਧਵਾਰ ਦੇਰ ਰਾਤ 'ਸਕੱਲ' ਕਲੱਬ ਬੈਸਟੈੱਕ ਮਾਲ ਸੈਕਟਰ-66 ਮੁਹਾਲੀ ਦੇ ਬਾਹਰ ਗੋਲੀ ਚਲਾਉਣ ਦੇ ਮਾਮਲੇ 'ਚ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ | ਜਾਣਕਾਰੀ ਅਨੁਸਾਰ ਸਿਧਾਰਥ ਡੇਲੂ ਵਾਸੀ ਸ੍ਰੀ ਗੰਗਾਨਗਰ (ਰਾਜਸਥਾਨ) ਆਪਣੇ ਦੋਸਤਾਂ ਨਾਲ ਮੁਹਾਲੀ ਵਿਖੇ ਘੁੰਮਣ ਲਈ ਆਇਆ ਸੀ ਤੇ 'ਸਕੱਲ' ਕਲੱਬ ਵਿਖੇ ਉਸ ਦੇ ਦੋਸਤ ਆਕਾਸ਼ਦੀਪ ਸਿੰਘ (20) ਦਾ ਮੋਢਾ ਆਦਿੱਤਿਆ (ਕਲੱਬ ਪਾਰਟਨਰ) ਨਾਲ ਲੱਗਣ ਕਰਨ ਉਨ੍ਹਾਂ ਵਿਚਕਾਰ ਬਹਿਸ ਹੋ ਗਈ, ਜਿਸ ਤੋਂ ਬਾਅਦ ਉਹ ਲੜਦੇ-ਝਗੜਦੇ ਕਲੱਬ ਦੇ ਬਾਹਰ ਆ ਗਏ ਅਤੇ ਇਸੇ ਦੌਰਾਨ ਤੈਸ਼ 'ਚ ਆਏ ਆਦਿੱਤਿਆ ਨੇ ਆਪਣੇ ਸਾਥੀ ਨਾਲ ਮਿਲ ਕੇ ਪਹਿਲਾ ਸਿਧਾਰਥ ਦੀ ਕੁੱਟਮਾਰ ਕੀਤੀ ਅਤੇ ਬਾਅਦ 'ਚ ਆਦਿੱਤਿਆ ਨੇ ਆਪਣੇ ਡੱਬ 'ਚੋਂ ਪਿਸਤੌਲ ਕੱਢ ਕੇ ਸਿਧਾਰਥ ਦੇ ਟਿੱਡ ਵਿਚ ਗੋਲੀ ਮਾਰ ਦਿੱਤੀ | ਇਸ ਘਟਨਾ ਉਪਰੰਤ ਆਦਿੱਤਿਆ ਵਿੱਜ ਆਪਣੇ ਸਾਥੀਆਂ ਸਮੇਤ ਫ਼ਰਾਰ ਹੋ ਗਿਆ ਸੀ | ਇਸ ਮਾਮਲੇ ਸੰਬੰਧੀ ਡੀ. ਐੱਸ. ਪੀ. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਥਾਣਾ ਫੇਜ਼-11 ਦੀ ਪੁਲਿਸ ਨੇ ਪਰਚਾ ਦਰਜ ਕਰਕੇ ਮੁਲਜ਼ਮ ਆਦਿੱਤਿਆ ਵਿੱਜ ਮੂਲ ਵਾਸੀ ਜਮਾਲਪੁਰ (ਲੁਧਿਆਣਾ) ਤੇ ਹਾਲ ਵਾਸੀ ਐਰੋਸਿਟੀ ਟੈਂਕ ਟਾਊਨ ਜ਼ੀਰਕਪੁਰ ਅਤੇ ਉਸ ਦੇ ਸਾਥੀ ਤੁਸ਼ਾਰ ਕਪੂਰ ਜੋ ਕਿ ਆਦਿੱਤਿਆ ਦੇ ਨਾਲ ਹੀ ਰਹਿੰਦਾ ਸੀ, ਨੂੰ ਛਾਪੇਮਾਰੀ ਉਪਰੰਤ ਗਿ੍ਫ਼ਤਾਰ ਕਰ ਲਿਆ | ਉਨ੍ਹਾਂ ਦੱਸਿਆ ਕਿ ਮੁਲਜ਼ਮ ਆਦਿੱਤਿਆ ਦੇ ਕਬਜ਼ੇ 'ਚੋਂ ਪੁਲਿਸ ਨੇ ਇਕ ਗ਼ੈਰ-ਕਾਨੂੰਨੀ .32 ਬੋਰ ਦਾ ਪਿਸਤੌਲ ਤੇ ਇਕ ਜ਼ਿੰਦਾ ਕਾਰਤੂਸ ਬਰਾਮਦ ਕੀਤਾ ਹੈ | ਪੁਲਿਸ ਦਾ ਕਹਿਣਾ ਹੈ ਕਿ ਘਟਨਾ ਵਾਲੀ ਥਾਂ ਤੋਂ ਉਨ੍ਹਾਂ ਨੂੰ ਇਕ ਜ਼ਿੰਦਾ ਕਾਰਤੂਸ ਵੀ ਬਰਾਮਦ ਹੋਇਆ ਸੀ, ਜਿਸ ਦੀ ਸਿਧਾਰਥ ਦੇ ਸਰੀਰ 'ਚ ਲੱਗੀ ਗੋਲੀ ਨਾਲ ਐੱਫ. ਐੱਸ. ਐੱਲ. ਜਾਂਚ ਦੀ ਰਿਪੋਰਟ ਆਉਣੀ ਬਾਕੀ ਹੈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ |