ਮਾਜਰੀ, 20 ਜੂਨ (ਕੁਲਵੰਤ ਸਿੰਘ ਧੀਮਾਨ)-ਬਲਾਕ ਮਾਜਰੀ ਦੀ ਪੁਲਿਸ ਟੀਮ ਨੇ ਗਸ਼ਤ ਦੌਰਾਨ ਹਰਪ੍ਰੀਤ ਸਿੰਘ ਵਾਸੀ ਪਿੰਡ ਢਕੌਰਾ ਕਲਾਂ ਨੂੰ 500 ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ | ਇਸ ਸੰਬੰਧੀ ਏ. ਐਸ. ਆਈ. ਪਵਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬਲਾਕ ਮਾਜਰੀ ਖੇਤਰ ਵਿਚ ਗਸ਼ਤ ਕਰ ਰਹੀ ਸੀ ਅਤੇ ਜਿਵੇਂ ਹੀ ਪੁਲਿਸ ਪਾਰਟੀ ਪਿੰਡ ਵਜੀਦਪੁਰ ਨੇੜੇ ਪਹੁੰਚੀ ਤਾਂ ਉਸ ਨੂੰ ਬਲਾਕ ਮਾਜਰੀ ਵਲੋਂ ਇਕ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤੀ | ਸ਼ੱਕ ਪੈਣ 'ਤੇ ਜਦੋਂ ਪੁਲਿਸ ਟੀਮ ਨੇ ਉਸ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ 500 ਗੋਲੀਆਂ (ਲੋਮੋਟਿਲ) ਬਰਾਮਦ ਹੋਈਆਂ | ਪੁਲਿਸ ਪਾਰਟੀ ਨੇ ਤੁਰੰਤ ਮੁਲਜ਼ਮ ਹਰਪ੍ਰੀਤ ਸਿੰਘ ਪੁੱਤਰ ਹਰਮਿੰਦਰ ਸਿੰਘ ਉਰਫ਼ ਕਾਕਾ ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ |