ਚੰਡੀਗੜ੍ਹ, 20 ਜੂਨ (ਮਾਰਕੰਡਾ)-ਓ. ਬੀ. ਸੀ. ਫੈਡਰੇਸ਼ਨ ਤੇ ਓ. ਬੀ. ਸੀ. ਰਾਖਵਾਂ ਲਾਗੂਕਰਨ ਮੰਚ ਦੀ ਟੀਮ ਵਲੋਂ ਬਲਵਿੰਦਰ ਸਿੰਘ ਮੁਲਤਾਨੀ, ਨਰਿੰਦਰ ਮੀਲੂ ਤੇ ਡਾ. ਕੁਲਵਿੰਦਰ ਸਿੰਘ ਦੀ ਹਾਜ਼ਰੀ 'ਚ ਪੰਜਾਬ ਦੇ ਰਾਜਪਾਲ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੂੰ ਆਪਣੀਆਂ ਤਿੰਨ ਮੰਗਾਂ ਲਈ ਪੱਤਰ ਸੌਂਪਿਆ ਗਿਆ | ਇਸ ਮੌਕੇ ਇਨ੍ਹਾਂ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਨੌਕਰੀਆਂ ਤੇ ਦਾਖ਼ਲਿਆਂ 'ਚ ਓ. ਬੀ. ਸੀ. ਵਰਗ ਲਈ 27 ਫੀਸਦੀ ਰਾਖਵਾਂ ਤੁਰੰਤ ਲਾਗੂ ਕੀਤੀ ਜਾਵੇ | ਕੇਂਦਰੀ ਸਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਸਾਰੇ ਵਿੱਦਿਅਕ ਤੇ ਮੈਡੀਕਲ ਸੰਸਥਾਨਾਂ 'ਚ ਜਿਵੇਂ ਕਿ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ, ਪੈੱਕ ਸਮੇਤ ਹੋਰ ਸਾਰੇ ਪ੍ਰੋਫੈਸ਼ਨਲ ਕਾਲਜਾਂ 'ਚ 27 ਫੀਸਦੀ ਓ. ਬੀ. ਸੀ. ਰਾਖਵਾਂ ਲਾਗੂ ਕੀਤੀ ਜਾਵੇ | ਓ. ਬੀ. ਸੀ. ਫੈਡਰੇਸ਼ਨ ਦੀਆਂ 27 ਮੰਗਾਂ ਵਾਲਾ ਵਿਸਥਾਰਤ ਮੰਗ-ਪੱਤਰ ਪੇਸ਼ ਕੀਤਾ ਗਿਆ, ਜਿਸ 'ਚ ਮੁੱਖ ਤੌਰ 'ਤੇ ਸਿੱਖਿਆ ਤੇ ਰੋਜ਼ਗਾਰ 'ਚ 27 ਫੀਸਦੀ ਰਾਖਵਾਂ ਦੀ ਮੰਗ ਕੀਤੀ ਗਈ | ਇਸ ਮੌਕੇ ਇਨ੍ਹਾਂ ਦੱਸਿਆ ਕਿ ਰਾਜਪਾਲ ਨੇ ਸਕਾਰਾਤਮਕ ਪ੍ਰਤੀਕਿਰਿਆ ਦਿੱਤੀ ਤੇ ਟੀਮ ਨੂੰ ਪੇਸ਼ ਕੀਤੀਆਂ ਮੰਗਾਂ 'ਤੇ ਜਲਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ |