ਚੰਡੀਗੜ੍ਹ, 20 ਜੂਨ (ਸੰਦੀਪ ਕੁਮਾਰ ਮਾਹਨਾ)ਪੈਦਲ ਯਾਤਰੀਆਂ ਦੀ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਤੇ ਜਨਤਕ ਵਿਵਸਥਾ ਬਣਾਈ ਰੱਖਣ ਦੇ ਨਿਰੰਤਰ ਯਤਨਾਂ ਤਹਿਤ ਨਗਰ ਨਿਗਮ ਚੰਡੀਗੜ੍ਹ ਵਲੋਂ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਰਾਮ ਦਰਬਾਰ ਫੇਜ਼ 1 ਤੇ ਫੇਜ਼ 2 ਇਲਾਕੇ 'ਚ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾ ਦਿੱਤਾ | ਇਸ ਮੁਹਿੰਮ ਤਹਿਤ ਇਨਫੋਰਸਮੈਂਟ ਟੀਮਾਂ ਨੇ ਸਥਾਨਕ ਪੁਲਿਸ ਨਾਲ ਮਿਲ ਕੇ ਉਨ੍ਹਾਂ ਅਣਅਧਿਕਾਰਤ ਵਿਕਰੇਤਾਵਾਂ ਤੇ ਅਸਥਾਈ ਢਾਂਚਿਆਂ ਵਿਰੁੱਧ ਕਾਰਵਾਈ ਕੀਤੀ, ਜਿਨ੍ਹਾਂ ਨੇ ਜਨਤਕ ਥਾਵਾਂ 'ਤੇ ਗੈਰ-ਕਾਨੂੰਨੀ ਕਬਜ਼ਾ ਕੀਤਾ ਹੋਇਆ ਸੀ | ਕਾਰਵਾਈ ਦੌਰਾਨ ਕੁੱਲ 113 ਚਲਾਨ ਜਾਰੀ ਕੀਤੇ ਗਏ ਅਤੇ ਇਲਾਕੇ ਤੋਂ ਰੇਹੜੀ ਗੱਡੀਆਂ, ਟੈਂਟ, ਮੇਜ਼ ਤੇ ਫਲਾਂ ਦੇ ਕਰੇਟ ਸਮੇਤ ਗ਼ੈਰਕਾਨੂੰਨੀ ਚੀਜ਼ਾਂ ਨੂੰ ਕਬਜ਼ੇ 'ਚ ਲੈ ਲਿਆ | ਨਿਗਮ ਅਧਿਕਾਰੀਆਂ ਨੇ ਸ਼ਹਿਰ ਨੂੰ ਸਾਫ਼ ਸੁਥਰਾ ਤੇ ਕਬਜ਼ਾ ਬਣਾਉਣ ਲਈ ਗ਼ੈਰਕਾਨੂੰਨੀ ਕਬਜ਼ੇ ਕਰਨ ਵਾਲਿਆਂ ਤੇ ਅਣਅਧਿਕਾਰਤ ਵਿਕਰੇਤਾਵਾਂ ਵਲੋਂ ਲਗਾਈਆਂ ਜਾ ਰਹੀਆਂ ਦੁਕਾਨਾਂ ਵਾਲਿਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਨਿਯਮਾਂ ਦੀ ਪਾਲਣਾ ਨਾ ਕੀਤੇ ਜਾਣ 'ਤੇ ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ ਕਿਉਂਕਿ ਚੰਡੀਗੜ੍ਹ ਨੂੰ ਇਕ ਸੁਰੱਖਿਅਤ, ਸਾਫ਼-ਸੁਥਰਾ ਤੇ ਵਧੇਰੇ ਸੰਗਠਿਤ ਸ਼ਹਿਰ ਵਜੋਂ ਉਤਸ਼ਾਹਿਤ ਕਰਨ ਨਗਰ ਨਿਗਮ ਵਚਨਬੱਧ ਹੈ |