ਚੰਡੀਗੜ੍ਹ, 20 ਜੂਨ (ਸੰਦੀਪ ਕੁਮਾਰ ਮਾਹਨਾ)ਚੰਡੀਗੜ੍ਹ ਦੇ ਸੈਕਟਰ 7 ਅਤੇ 26 ਵਿਚ ਵਪਾਰਕ ਸ਼ੋਅਰੂਮਾਂ ਦੇ ਬਿਲਡਿੰਗ ਬਾਇਲਾਜ਼ ਨਾਲ ਸੰਬੰਧਿਤ ਮੁੱਦਿਆਂ 'ਤੇ ਚਰਚਾ ਕਰਨ ਲਈ ਮੱਧ ਮਾਰਗ ਸ਼ੋਅਰੂਮ ਮਾਲਕ ਐਸੋਸੀਏਸ਼ਨ ਦੇ ਇਕ ਵਫ਼ਦ ਨੇ ਯੂ. ਟੀ. ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ-ਕਮ-ਅਸਟੇਟ ਅਫ਼ਸਰ ਨਿਸ਼ਾਂਤ ਕੁਮਾਰ ਯਾਦਵ ਨਾਲ ਮੁਲਾਕਾਤ ਕੀਤੀ | 120 ਸ਼ੋਅਰੂਮ ਮਾਲਕਾਂ ਦੀ ਨੁਮਾਇੰਦਗੀ ਕਰਨ ਵਾਲੀ ਐਸੋਸੀਏਸ਼ਨ ਨੇ ਜਾਇਦਾਦਾਂ ਦੀ ਵਪਾਰਕ ਵਰਤੋਂ ਨੂੰ ਪ੍ਰਭਾਵਿਤ ਕਰਨ ਵਾਲੇ ਪਿਛਲੇ ਲੰਮੇ ਸਮੇਂ ਤੋਂ ਆ ਰਹੀਆਂ ਦਿੱਕਤਾਂ ਬਾਰੇ 'ਤੇ ਚਾਨਣਾ ਪਾਇਆ | ਇਨ੍ਹਾਂ 'ਚ ਰੂਪਾਂਤਰਣ ਖ਼ਰਚੇ, ਭਵਨ ਯੋਜਨਾ ਸੋਧ, ਕਿਰਾਏਦਾਰੀ ਨਿਯਮਾਂ ਤੇ ਪਿਛਲੇ ਵਿਹੜੇ ਅਤੇ ਬਾਲਕੋਨੀਆਂ ਦੀ ਵਰਤੋਂ ਨਾਲ ਸਬੰਧਿਤ ਮੁੱਦੇ ਸ਼ਾਮਿਲ ਸਨ | ਵਫ਼ਦ ਨੂੰ ਧਿਆਨ ਨਾਲ ਸੁਣਨ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਵਫ਼ਦ ਵਲੋਂ ਉਠਾਏ ਗਏ ਮੁੱਦਿਆਂ ਦੀ ਸੰਬੰਧਿਤ ਵਿਭਾਗਾਂ ਨਾਲ ਸਲਾਹ-ਮਸ਼ਵਰਾ ਕਰਕੇ ਜਾਂਚ ਕੀਤੀ ਜਾਵੇਗੀ | ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਚੰਡੀਗੜ੍ਹ ਦੇ ਰੈਗੂਲੇਟਰੀ ਨਿਯਮਾਂ ਤੇ ਆਰਕੀਟੈਕਚਰਲ ਚਰਿੱਤਰ ਨੂੰ ਬਰਕਰਾਰ ਰੱਖਦੇ ਹੋਏ ਕਾਰੋਬਾਰ ਕਰਨ ਵਿਚ ਅਸਾਨੀ ਦੀ ਸਹੂਲਤ ਦੇਣ ਵਾਲੇ ਦੋਸਤਾਨਾ ਹੱਲ ਕਰਨ ਦੇ ਹਰ ਸੰਭਵ ਯਤਨ ਕੀਤੇ ਜਾਣਗੇ | ਮੀਟਿੰਗ ਦੌਰਾਨ ਨਵੀਨ ਰੱਤੂ ਤੇ ਰਾਜੀਵ ਤਿਵਾੜੀ, ਏ. ਈ. ਓਜ਼ ਵੀ ਹਾਜ਼ਰ ਸਨ |