ਐੱਸ. ਏ. ਐੱਸ. ਨਗਰ, 20 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਡਾ. ਬੀ. ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਮੁਹਾਲੀ ਸੀ. ਐਮ. ਦੀ ਯੋਗਸ਼ਾਲਾ ਦੇ ਸਹਿਯੋਗ ਨਾਲ 21 ਜੂਨ ਨੂੰ ਸਵੇਰੇ 6 ਵਜੇ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਏਗਾ | ਇਸ ਸਾਲ ਦਾ ਥੀਮ 'ਇਕ ਧਰਤੀ, ਇਕ ਸਿਹਤ ਲਈ ਯੋਗਾ' ਹੈ | ਇਸ ਸੰਬੰਧੀ ਡਾਇਰੈਕਟਰ ਪਿ੍ੰ. ਡਾ. ਭਵਨੀਤ ਭਾਰਤੀ ਨੇ ਦੱਸਿਆ ਕਿ ਇਸ ਇਤਿਹਾਸਕ ਪਹਿਲਕਦਮੀ ਵਿਚ ਏ. ਆਈ. ਐਮ. ਐਸ. ਮੁਹਾਲੀ ਤੇ ਸੀ. ਐਮ. ਦੀ ਯੋਗਸ਼ਾਲਾ ਇਕ ਹੀ ਸਥਾਨ 'ਤੇ ਯੋਗਾ ਕਰਨ ਵਾਲੇ ਸਭ ਤੋਂ ਵੱਧ ਸਿਹਤ ਸੰਭਾਲ ਪ੍ਰਦਾਤਾਵਾਂ ਨੂੰ ਇਕੱਠਾ ਕਰਕੇ ਏਸ਼ੀਆ ਬੁੱਕ ਆਫ਼ ਰਿਕਾਰਡਜ਼ ਵਿਚ ਅਧਿਕਾਰਤ ਤੌਰ 'ਤੇ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕਰਨਗੇ | ਉਨ੍ਹਾਂ ਕਿਹਾ ਕਿ ਐੱਮ. ਬੀ. ਬੀ. ਐੱਸ. ਦੇ ਵਿਦਿਆਰਥੀ, ਨਰਸਿੰਗ ਦੇ ਵਿਦਿਆਰਥੀ ਤੇ ਵੱਖ-ਵੱਖ ਵਿਸ਼ਿਆਂ ਦੇ ਸਿਹਤ ਸੰਭਾਲ ਪੇਸ਼ੇਵਾਰ ਸਰਕਾਰੀ ਕਾਲਜ ਫੇਜ਼-6 ਮੁਹਾਲੀ ਦੇ ਗਰਾਊਾਡ ਵਿਚ ਬਹੁਤ ਉਤਸ਼ਾਹ ਨਾਲ ਹਿੱਸਾ ਲੈਣ ਲਈ ਤਿਆਰ ਹਨ | ਸੀ. ਐਮ. ਯੋਗਾ ਸਲਾਹਕਾਰ ਅਮਰੇਸ਼ ਕੁਮਾਰ ਝਾਅ ਅਤੇ ਕਮਲੇਸ਼ ਮਿਸ਼ਰਾ ਦੀ ਯੋਗਸ਼ਾਲਾ ਨੇ ਕੱਲ੍ਹ ਦੀ ਇਸ ਪਹਿਲਕਦਮੀ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਯੋਗਾ ਇਕ ਪ੍ਰਾਚੀਨ ਅਭਿਆਸ ਹੈ, ਜਿਸ ਦੀ ਸਦੀਵੀ ਪ੍ਰਸੰਗਿਕਤਾ ਹੈ | ਇਸੇ ਦੌਰਾਨ ਡਾ. ਭਵਨੀਤ ਭਾਰਤੀ ਨੇ ਕਿਹਾ ਕਿ ਇਸ ਸਮਾਗਮ ਵਿਚ 3,000 ਤੋਂ ਵੱਧ ਸਿਹਤ ਸੰਭਾਲ ਪੇਸ਼ੇਵਰਾਂ ਦੇ ਸ਼ਾਮਿਲ ਹੋਣ ਦੀ ਆਸ ਹੈ |