ਐੱਸ. ਏ. ਐੱਸ. ਨਗਰ, 20 ਜੂਨ (ਪ੍ਰੋ. ਅਵਤਾਰ ਸਿੰਘ)-ਪੰਜਾਬ ਸਰਕਾਰ ਵਲੋਂ ਮੁਹਾਲੀ ਦੇ ਸੈਕਟਰ-68 ਵਿਖੇ ਜੇਲ੍ਹ ਵਿਭਾਗ ਦਾ ਮੁੱਖ ਦਫ਼ਤਰ (ਜੇਲ੍ਹ ਭਵਨ) ਬਣਾਇਆ ਜਾ ਰਿਹਾ ਹੈ, ਜਿਸ ਦੀ ਇਮਾਰਤ ਦਾ ਨੀਂਹ-ਪੱਧਰ ਪੰਜਾਬ ਦੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਰੱਖਿਆ ਗਿਆ | ਇਸ ਮੌਕੇ ਜੇਲ੍ਹ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ 'ਚ ਜੇਲ੍ਹ ਵਿਭਾਗ 'ਚ ਵੱਡੇ ਸੁਧਾਰ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਜੇਲ੍ਹ ਵਿਭਾਗ ਅਤਿ-ਆਧੁਨਿਕ ਅਤੇ ਪ੍ਰਸ਼ਾਸਨਿਕ ਸੁਚੱਜੇਪਣ ਵੱਲ ਕਦਮ ਪੁੱਟ ਰਿਹਾ ਹੈ | ਉਨ੍ਹਾਂ ਦੱਸਿਆ ਕਿ ਮੁੱਖ ਦਫ਼ਤਰ ਦੀ ਇਮਾਰਤ 35 ਕਰੋੜ ਦੀ ਲਾਗਤ ਨਾਲ 2 ਸਾਲਾਂ 'ਚ ਮੁਕੰਮਲ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਭਾਵੇਂ ਇਸ ਪ੍ਰਾਜੈਕਟ ਨੂੰ ਮੁਕੰਮਲ ਕਰਨ ਦੀ ਮਿਆਦ ਅਪ੍ਰੈਲ 2027 ਨਿਰਧਾਰਤ ਕੀਤੀ ਗਈ ਹੈ, ਪਰ ਠੇਕੇਦਾਰ ਨੂੰ ਸਮੁੱਚਾ ਕੰਮ ਦਸੰਬਰ 2026 ਤੱਕ ਮੁਕੰਮਲ ਕਰਨ ਲਈ ਆਖਿਆ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਦਫ਼ਤਰ ਦੇ ਬਣਨ ਨਾਲ ਜਿਥੇ ਵਿਭਾਗ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਵਾਸਤੇ ਕੰਮ ਕਰਨ ਦੀ ਸੁਵਿਧਾ ਦਾ ਵਿਸਥਾਰ ਹੋਵੇਗੀ, ਉਥੇ ਹੀ ਪਹਿਲਾਂ ਦਫ਼ਤਰ ਦੇ ਕਿਰਾਏ ਵਜੋਂ ਪ੍ਰਤੀ ਮਹੀਨਾ ਦਿੱਤੀ ਜਾਂਦੀ 7 ਲੱਖ ਰੁ. ਦੀ ਰਾਸ਼ੀ ਦੀ ਵੀ ਬੱਚਤ ਹੋਵੇਗੀ | ਉਨ੍ਹਾਂ ਦੱਸਿਆ ਕਿ ਮੁਹਾਲੀ ਦੇ ਸੈਕਟਰ-68 'ਚ ਜੇਲ੍ਹ ਹੈੱਡਕੁਆਰਟਰ ਦੀ ਇਮਾਰਤ ਦੀ ਉਸਾਰੀ ਲਈ ਏ. ਐਸ. ਸੀ. ਬਿਲਡਰ ਨੂੰ ਠੇਕਾ ਦਿੱਤਾ ਗਿਆ ਹੈ | ਇਮਾਰਤ ਦਾ ਪਲਾਟ ਖੇਤਰ 43,700 ਵਰਗ ਫੁੱਟ ਹੈ, ਜਦ ਕਿ ਕਵਰਡ ਖੇਤਰ 83,947.71 ਵਰਗ ਫੁੱਟ ਹੋਵੇਗਾ | ਉਨ੍ਹਾਂ ਦੱਸਿਆ ਕਿ ਇਮਾਰਤ ਖੇਤਰ 'ਚ ਬਣਨ ਵਾਲੀ ਪਾਰਕਿੰਗ ਦੀ ਸਮਰੱਥਾ 115 ਕਾਰਾਂ ਦੀ ਹੋਵੇਗੀ | ਉਨ੍ਹਾਂ ਦੱਸਿਆ ਕਿ ਇਸ ਇਮਾਰਤ 'ਚ ਇਕ ਬੇਸਮੈਂਟ ਅਤੇ ਪੰਜ ਮੰਜ਼ਿਲਾਂ ਤੋਂ ਇਲਾਵਾ ਐਸਕੈਲੇਟਰ, ਫਾਇਰ ਫਾਈਟਿੰਗ, ਫਾਇਰ ਅਲਾਰਮਿੰਗ, ਲਿਫਟਾਂ, ਲੋਕਲ ਏਰੀਆ ਨੈੱਟਵਰਕ ਸਿਸਟਮ ਆਦਿ ਸੁਵਿਧਾਵਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ | ਇਸ ਤੋਂ ਇਲਾਵਾ ਇਥੇ ਐਸ. ਟੀ. ਪੀ. ਸਿਸਟਮ, ਕੇਂਦਰੀ ਏਅਰ ਕੰਡੀਸ਼ਨਡ ਸਿਸਟਮ, ਸੂਰਜੀ ਊਰਜਾ ਪ੍ਰਾਜੈਕਟ ਸਮੇਤ ਹੋਰ ਅਤਿ-ਆਧੁਨਿਕ ਸਿਸਟਮ ਵੀ ਲਗਾਏ ਜਾਣਗੇ | ਉਨ੍ਹਾਂ ਕਿਹਾ ਕਿ ਇਹ ਅਤਿ-ਆਧੁਨਿਕ ਸਹੂਲਤ ਵਾਲੀ ਇਮਾਰਤ ਜੇਲ੍ਹ ਵਿਭਾਗ ਲਈ ਮੁੱਖ ਦਫਤਰ ਵਜੋਂ ਕੰਮ ਕਰੇਗੀ ਅਤੇ ਕਰਮਚਾਰੀਆਂ ਤੇ ਅਧਿਕਾਰੀਆਂ ਲਈ ਇਕ ਆਧੁਨਿਕ ਤੇ ਕੁਸ਼ਲ ਕਾਰਜ ਸਥਾਨ ਦੀ ਸਹੂਲਤ ਪ੍ਰਦਾਨ ਕਰੇਗੀ | ਇਸ ਮੌਕੇ ਪ੍ਰਮੱਖ ਸਕੱਤਰ ਜੇਲ੍ਹਾਂ ਭਾਵਨਾ ਗਰਗ, ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੰਜਾਬ ਪੁਲਿਸ ਜੇਲ੍ਹਾਂ ਅਰੁਨਪਾਲ ਸਿੰਘ ਅਤੇ ਮੁੱਖ ਇੰਜ. ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਰਣਜੋਧ ਸਿੰਘ ਤੋਂ ਇਲਾਵਾ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ |