ਐੱਸ. ਏ. ਐੱਸ. ਨਗਰ, 21 ਜੂਨ (ਪ੍ਰੋ. ਅਵਤਾਰ ਸਿੰਘ)-ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਸਥਾਨਕ ਫੇਜ਼-1 ਵਿਖੇ ਸੱਦੇ ਗਏ ਪੱਤਰਕਾਰ ਸੰਮੇਲਨ ਦੌਰਾਨ ਹਲਕਾ ਵਿਧਾਇਕ ਕੁਲਵੰਤ ਸਿੰਘ 'ਤੇ ਸੈਕਟਰ 76 ਤੋਂ 80 ਦੇ ਅਲਾਟੀਆਂ ਨਾਲ ਧੋਖਾ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਗਮਾਡਾ ਵਲੋਂ ਥੋਪੇ ਗਏ ਨਾਜਾਇਜ਼ ਵਾਧੇ (ਇਨਹਾਂਸਮੈਂਟ) ਨੂੰ ਰੱਦ ਕਰਵਾਉਣ ਦੀ ਥਾਂ ਵਿਧਾਇਕ ਇਸ ਨੂੰ ਜਾਇਜ਼ ਠਹਿਰਾ ਕੇ ਜਲਦ ਪੈਸੇ ਜਮ੍ਹਾਂ ਕਰਵਾਉਣ ਲਈ ਅਲਾਟੀਆਂ 'ਤੇ ਜ਼ੋਰ ਪਾ ਰਿਹਾ ਹੈ | ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਵਲੋਂ ਪੀੜਤ ਅਲਾਟੀਆਂ ਨਾਲ ਖੜ੍ਹਨ ਦੀ ਥਾਂ ਇਸ ਮਾਮਲੇ ਵਿਚ ਮੁੱਖ ਦੋਸ਼ੀ ਅਦਾਰੇ ਗਮਾਡਾ ਦਾ ਪੱਖ ਪੂਰ ਕੇ ਲੋਕ-ਹਿੱਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਾਲ 2001 ਦੇ ਅਲਾਟੀਆਂ ਨੂੰ 22 ਸਾਲਾਂ ਬਾਅਦ 2023 ਵਿਚ 3,164 ਰੁ. ਪ੍ਰਤੀ ਵਰਗ ਮੀਟਰ ਵਾਧੇ ਦੇ ਨੋਟਿਸ ਜਾਰੀ ਕਰਨ ਨੂੰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ | ਸਾਬਕਾ ਮੰਤਰੀ ਸਿੱਧੂ ਨੇ ਹਲਕਾ ਵਿਧਾਇਕ ਕੁਲਵੰਤ ਸਿੰਘ ਦੀ ਇਸ ਦਲੀਲ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਜ਼ਮੀਨ ਮਾਲਕਾਂ ਦੇ ਮੁਆਵਜ਼ੇ 'ਚ ਕੀਤੇ ਵਾਧੇ ਕਾਰਨ ਗਮਾਡਾ ਨੂੰ ਪਲਾਟ ਅਲਾਟੀਆਂ ਤੋਂ ਵੱਧ ਪੈਸੇ ਵਸੂਲਣੇ ਪੈ ਰਹੇ ਹਨ, ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਕਿਹਾ ਕਿ ਗਮਾਡਾ ਨੇ ਤੁਰੰਤ ਕਾਰਵਾਈ ਕਿਉਂ ਨਾ ਕੀਤੀ | ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਗਮਾਡਾ ਨੇ 800 ਰੁ. ਪ੍ਰਤੀ ਵਰਗ ਮੀਟਰ ਨੂੰ ਵਿਆਜ਼ 'ਤੇ ਵਿਆਜ਼ ਲਗਾ ਕੇ 3,164 ਰੁ. ਤੱਕ ਕਿਉਂ ਵਧਾਇਆ ਹੈ | ਉਨ੍ਹਾਂ ਕਿਹਾ ਕਿ ਗਮਾਡਾ ਨੂੰ ਅਲਾਟੀਆਂ ਵਲੋਂ ਨਕਸ਼ਾ ਪਾਸ ਕਰਵਾਉਣ, ਇਤਰਾਜ਼ਹੀਣਤਾ ਸਰਟੀਫ਼ਿਕੇਟ ਲੈਣ, ਤਬਾਦਲਾ ਕਰਵਾਉਣ ਅਤੇ ਕੋਈ ਬਕਾਇਆ ਨਹੀਂ ਸਰਟੀਫ਼ਿਕੇਟ ਲੈਣ ਸਮੇਂ ਜਾਗ ਕਿਉਂ ਨਾ ਆਈ | ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਵਲੋਂ ਪ੍ਰਚਾਰੀ ਜਾ ਰਹੀ 839 ਰੁ. ਪ੍ਰਤੀ ਵਰਗ ਮੀਟਰ ਦੀ ਮੁਆਫ਼ੀ ਮਹਿਜ਼ ਇਕ ਸ਼ੋਸ਼ੇ ਤੋਂ ਵੱਧ ਕੁਝ ਨਹੀਂ ਹੈ ਕਿਉਂਕਿ ਇਸ ਸੰਬੰਧੀ ਅਜੇ ਤੱਕ ਕੋਈ ਲਿਖਤੀ ਫ਼ੈਸਲਾ ਸਾਹਮਣੇ ਨਹੀਂ ਆਇਆ | ਇਸ ਮੌਕੇ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਹਰਦਿਆਲ ਚੰਦ ਬਡਬਰ, ਕਮਲਪ੍ਰੀਤ ਸਿੰਘ ਬੰਨੀ ਕੌਂਸਲਰ, ਨਵਜੋਤ ਸਿੰਘ ਬਾਛਲ, ਪ੍ਰਦੀਪ ਸਿੰਘ ਤੰਗੋਰੀ ਪ੍ਰਧਾਨ ਬਲਾਕ ਕਾਂਗਰਸ ਦਿਹਾਤੀ ਮੁਹਾਲੀ, ਐਡਵੋਕੇਟ ਸੁਰਿੰਦਰਪਾਲ ਸਿੰਘ ਚਾਹਲ ਸੇਵਾ-ਮੁਕਤ ਸਾਬਕਾ ਜ਼ਿਲ੍ਹਾ ਆਟਰਨੀ, ਪ੍ਰਦੀਪ ਵਰਮਾ ਤੇ ਕਰਮਜੀਤ ਸਿੰਘ ਸਿੱਧੂ ਆਦਿ ਵੀ ਹਾਜ਼ਰ ਸਨ |