ਡੇਰਾਬੱਸੀ, 21 ਜੂਨ (ਗੁਰਮੀਤ ਸਿੰਘ)-ਇਥੋਂ ਦੇ ਪਿੰਡ ਹਰੀਪੁਰ ਹਿੰਦੂਆਂ ਵਿਖੇ ਬਿਜਲੀ ਦਾ ਟੁੱਟਿਆ ਖੰਭਾ ਕਿਸੇ ਸਮੇਂ ਵੀ ਹਾਦਸੇ ਦਾ ਕਾਰਨ ਬਣ ਸਕਦਾ ਹੈ | ਪਿੰਡ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਬਿਜਲੀ ਵਿਭਾਗ ਨੂੰ ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਕੋਈ ਸੁਣਵਾਈ ਨਹੀਂ ਹੋ ਰਹੀ | ਪਿੰਡ ਵਾਸੀ ਅਸ਼ੋਕ ਕੁਮਾਰ ਦਾ ਕਹਿਣਾ ਹੈ ਕਿ ਇਹ ਖੰਭਾ ਕਈ ਦਿਨਾਂ ਤੋਂ ਇਸੇ ਤਰ੍ਹਾਂ ਲਟਕ ਰਿਹਾ ਹੈ, ਜਿਸ ਕਾਰਨ ਕਿਸੇ ਵੀ ਸਮੇਂ ਤਾਰਾਂ ਟੁੱਟ ਸਕਦੀਆਂ ਹਨ ਤੇ ਜਾਨੀ ਜਾਂ ਮਾਲੀ ਨੁਕਸਾਨ ਹੋਣ ਸਕਦਾ ਹੈ | ਖੰਭੇ ਦੇ ਆਸ-ਪਾਸ ਖੇਡਦੇ ਬੱਚਿਆਂ ਅਤੇ ਲੰਘਦੇ ਰਾਹਗੀਰਾਂ ਲਈ ਇਹ ਇਕ ਵੱਡਾ ਖਤਰਾ ਹੈ | ਜਦੋਂ ਵੀ ਤੇਜ਼ ਹਨੇ੍ਹਰੀ ਆਉਂਦੀ ਹੈ ਤਾਂ ਖੰਭੇ ਦੇ ਨੇੜੇ ਬਣੇ ਘਰਾਂ 'ਚ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ | ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਪਾਵਰਕਾਮ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਗੰਭੀਰ ਮਾਮਲੇ ਦਾ ਤੁਰੰਤ ਨੋਟਿਸ ਲੈਣ ਅਤੇ ਇਸ ਲਟਕਦੇ ਖੰਭੇ ਨੂੰ ਠੀਕ ਕਰਵਾਉਣ ਦਾ ਪ੍ਰਬੰਧ ਕਰਨ |