ਐੱਸ. ਏ. ਐੱਸ. ਨਗਰ, 21 ਜੂਨ (ਕਪਿਲ ਵਧਵਾ)-ਮੁਹਾਲੀ ਅਦਾਲਤ ਨੇ ਵਿਆਹ ਦਾ ਝਾਂਸਾ ਦੇ ਕੇ ਇਕ ਲੜਕੀ ਨਾਲ ਸਰੀਰਕ ਸੰਬੰਧ ਬਣਾਉਣ ਦੇ ਮਾਮਲੇ ਵਿਚ ਮੁਲਜ਼ਮ ਦੀ ਜ਼ਮਾਨਤ ਦੀ ਅਰਜ਼ੀ ਨੂੰ ਖਾਰਜ਼ ਕਰ ਦਿੱਤਾ ਹੈ | ਜਾਣਕਾਰੀ ਅਨੁਸਾਰ ਸੁਹੈਬ ਵਾਸੀ ਜੰਮੂ-ਕਸ਼ਮੀਰ ਨਾਂਅ ਦੇ ਨੌਜਵਾਨ 'ਤੇ ਇਕ ਲੜਕੀ ਵਲੋਂ ਦੋਸ਼ ਲਗਾਇਆ ਗਿਆ ਹੈ ਕਿ ਉਸ ਨੇ ਉਸ ਨਾਲ ਵਿਆਹ ਦਾ ਵਾਅਦਾ ਕਰਕੇ ਸਰੀਰਕ ਸੰਬੰਧ ਬਣਾਏ, ਪਰ ਬਾਅਦ 'ਚ ਉਹ ਉਸ ਨਾਲ ਵਿਆਹ ਕਰਵਾਉਣ ਤੋਂ ਮੁਕਰ ਗਿਆ | ਸਿਹਤ ਖ਼ਰਾਬ ਹੋਣ 'ਤੇ ਉਹ ਹਸਪਤਾਲ 'ਚ ਦਾਖ਼ਲ ਰਹੀ, ਜਿਥੇ ਉਸ ਨੂੰ ਖ਼ੁਦ ਦੇ ਗਰਭਵਤੀ ਹੋਣ ਬਾਰੇ ਪਤਾ ਚੱਲਿਆ | ਇਸ ਸੰਬੰਧ 'ਚ ਜ਼ੀਰਕਪੁਰ ਪੁਲਿਸ ਨੇ ਪੀੜਤਾ ਤੇ ਬਿਆਨਾਂ ਦੇ ਆਧਾਰ 'ਤੇ ਨੌਜਵਾਨ ਵਿਰੁੱਧ ਬੀ. ਐੱਨ. ਐੱਸ. ਦੀ ਧਾਰਾ 69 ਤਹਿਤ ਐਫ. ਆਈ. ਆਰ. ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ | ਅਦਾਲਤ 'ਚ ਮੁਲਜ਼ਮ ਵਲੋਂ ਲਗਾਈ ਜ਼ਮਾਨਤ ਦੀ ਅਰਜ਼ੀ ਦੀ ਸੁਣਵਾਈ ਮੌਕੇ ਬਚਾਅ ਪੱਖ ਨੇ ਦਲੀਲ ਦਿੱਤੀ ਕਿ ਮੁਲਜ਼ਮ ਨੇ ਸ਼ਿਕਾਇਤਕਰਤਾ ਨਾਲ ਕੋਈ ਧੋਖਾ ਨਹੀਂ ਕੀਤਾ, ਸਗੋਂ ਉੁਹ ਖ਼ੁਦ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ, ਪਰ ਪਰਿਵਾਰਕ ਮਜ਼ਬੂਰੀਆਂ ਕਾਰਨ ਫ਼ਿਲਹਾਲ ਉਨ੍ਹਾਂ ਦਾ ਵਿਆਹ ਨਹੀਂ ਹੋ ਸਕਦਾ | ਇਸ ਦੇ ਨਾਲ ਹੀ ਸ਼ਿਕਾਇਕਰਤਾ ਦੇ ਵਕੀਲ ਨੇ ਕਿਹਾ ਕਿ ਪੀੜਤਾ ਨੇ ਤਫ਼ਤੀਸ਼ੀ ਅਫ਼ਸਰ ਨੂੰ ਬਿਆਨ ਦਰਜ ਕਰਵਾਏ ਹਨ ਕਿ ਜੇਕਰ ਸੁਹੈਬ ਜ਼ਮਾਨਤ 'ਤੇ ਬਾਹਰ ਆਉਣ ਤੋਂ ਤੁਰੰਤ ਬਾਅਦ ਉਸ ਨਾਲ ਵਿਆਹ ਕਰਵਾਉਂਦਾ ਹੈ ਤਾਂ ਲੜਕੀ ਆਪਣਾ ਕੇਸ ਵਾਪਸ ਲੈ ਲਵੇਗੀ | ਇਸ ਦੇ ਜਵਾਬ 'ਚ ਸਰਕਾਰੀ ਵਕੀਲ ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਮੁਲਜ਼ਮ ਖ਼ਿਲਾਫ਼ ਗੰਭੀਰ ਦੋਸ਼ ਲੱਗੇ ਹਨ ਤੇ ਉਹ ਜ਼ਮਾਨਤ 'ਤੇ ਬਾਹਰ ਆਉਣ ਤੋਂ ਬਾਅਦ ਸ਼ਿਕਾਇਕਰਤਾ ਤੇ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ | ਸਾਰੀਆਂ ਦਲੀਲਾਂ ਸੁਣਨ ਉਪਰੰਤ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੀਤੀਕਾ ਵਰਮਾ ਦੀ ਅਦਾਲਤ ਨੇ ਸਮਾਜ ਵਿਚ ਮਿਸਾਲ ਕਾਇਮ ਕਰਨ ਦੇ ਉਦੇਸ਼ ਨਾਲ ਪਟੀਸ਼ਨਕਰਤਾ ਦੀ ਅਰਜ਼ੀ ਨੂੰ ਇਹ ਆਖਦਿਆਂ ਖਾਰਜ਼ ਕਰ ਦਿੱਤਾ ਕਿ ਮੁਲਜ਼ਮ ਵਲੋਂ ਪੀੜਤਾ ਨਾਲ ਧੋਖੇਬਾਜ਼ੀ ਕਰਕੇ ਆਪਣੇ ਮਨਸੂਬੇ ਪੂਰੇ ਕਰਨਾ ਉਸ ਨੂੰ ਜ਼ਮਾਨਤ ਦੇ ਯੋਗ ਨਹੀਂ ਬਣਾਉਂਦਾ |