ਡੇਰਾਬੱਸੀ, 21 ਜੂਨ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਪੁਲਿਸ ਨੇ ਨਾਕਾਬੰਦੀ ਦੌਰਾਨ ਸੰਨੀ ਕਪੂਰ ਪੁੱਤਰ ਸਤਪਾਲ ਕਪੂਰ ਵਾਸੀ ਪਿੰਡ ਦੰਦਰਾਲਾ (ਡੇਰਾਬੱਸੀ) ਤੇ ਮੁਹੰਮਦ ਸ਼ਾਹਰੁਖ ਪੁੱਤਰ ਮੁਹੰਮਦ ਪ੍ਰਵੇਜ਼ ਵਾਸੀ ਵੈਦਾ ਨਿਜਾਮਪੁਰਾ ਸੈਕਟਰ-47 ਚੰਡੀਗੜ੍ਹ ਨੂੰ ਚੋਰੀ ਦੀ ਐਕਟਿਵਾ ਅਤੇ ਇਕ ਏ. ਸੀ. ਦੇ ਆਊਟ-ਡੋਰ ਸਮੇਤ ਗਿ੍ਫ਼ਤਾਰ ਕੀਤਾ ਹੈ | ਇਹ ਦੋਵੇਂ ਮੁਲਜ਼ਮ ਨਸ਼ੇ ਤੇ ਚੋਰੀਆਂ ਕਰਨ ਦੇ ਆਦੀ ਹਨ | ਮਾਮਲੇ ਸੰਬੰਧੀ ਤਫ਼ਤੀਸ਼ੀ ਅਫ਼ਸਰ ਏ. ਐਸ. ਆਈ. ਚਮਕੌਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਟੀਮ ਸਮੇਤ ਬੇਹੜਾ ਮੋੜ ਗੁਲਾਬਗੜ੍ਹ ਵਿਖੇ ਗਸ਼ਤ ਕਰ ਰਹੇ ਸਨ | ਇਸੇ ਦੌਰਾਨ ਸਵੇਰੇ ਕਰੀਬ 11.15 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਦੋ ਸ਼ੱਕੀ ਨੌਜਵਾਨ ਬਿਨਾਂ ਨੰਬਰੀ ਐਕਟਿਵਾ 'ਤੇ ਪਿੰਡ ਬੋਹੜਾ ਤੋਂ ਗੁਲਾਬਗੜ੍ਹ ਵੱਲ ਆ ਰਹੇ ਹਨ | ਸੂਚਨਾ ਦੇ ਆਧਾਰ 'ਤੇ ਉਨ੍ਹਾਂ ਦੀ ਪੁਲਿਸ ਪਾਰਟੀ ਨੇ ਨਾਕਾਬੰਦੀ ਕਰਕੇ ਜਦੋਂ ਐਕਟਿਵਾ ਸਵਾਰ ਨੌਜਵਾਨਾਂ ਨੂੰ ਰੋਕ ਕੇ ਉਨ੍ਹਾਂ ਤੋਂ ਸਕੂਟਰੀ ਦੇ ਦਸਤਾਵੇਜ਼ ਮੰਗੇ ਤਾਂ ਉਹ ਕੋਈ ਦਸਤਾਵੇਜ਼ ਨਹੀਂ ਪੇਸ਼ ਕਰ ਸਕੇ | ਇਸੇ ਦੌਰਾਨ ਸਖ਼ਤੀ ਨਾਲ ਪੁੱਛਗਿੱਛ ਕਰਨ 'ਤੇ ਨੌਜਵਾਨਾਂ ਨੇ ਮੰਨਿਆ ਕਿ ਇਹ ਐਕਟਿਵਾ ਚੋਰੀ ਦੀ ਹੈ | ਇਸ ਮੌਕੇ ਮੁਲਜ਼ਮਾਂ ਕੋਲ ਏ. ਸੀ. ਦਾ ਇਕ ਆਊਟ-ਡੋਰ ਵੀ ਸੀ ਅਤੇ ਉਹ ਵੀ ਚੋਰੀ ਦਾ ਨਿਕਲਿਆ | ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਗਿਆ |