ਲਾਲੜੂ, 31 ਅਗਸਤ (ਰਾਜਬੀਰ ਸਿੰਘ)-ਬੀਤੇ ਕੱਲ ਝਰਮਲ ਨਦੀਂ ਵਿਚ ਰੁੜਨ ਨਾਲ ਮੌਤ ਦੇ ਮੂੰਹ ਵਿਚ ਪੁੱਜੇ ਜਨਕ ਰਾਜ ਦੇ ਪਰਿਵਾਰ ਨਾਲ ਸੀਨੀਅਰ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਵਲੋਂ ਦੁੱਖ ਦਾ ਪ੍ਰਗਟਾਵਾ ਕਰਦਿਆਂ ਹਮਦਰਦੀ ਦਾ ਇਜਹਾਰ ਕੀਤਾ ਗਿਆ | ਜਨਕ ਰਾਜ ਦੇ ਘਰ ਪੁੱਜੇ ਸੈਣੀ ਨੇ ਕਿਹਾ ਕਿ ਭਾਵੇਂ ਕੋਈ ਵੀ ਜਨਕ ਰਾਜ ਨੂੰ ਵਾਪਸ ਤਾਂ ਨਹੀਂ ਲਿਆ ਸਕਦਾ ਪਰ ਪਰਿਵਾਰ ਨਾਲ ਦੁੱਖ ਵੰਡਾ ਕੇ ਉਨ੍ਹਾਂ ਦਾ ਦੁੱਖ ਜਰੂਰ ਘੱਟ ਕਰ ਸਕਦਾ ਹੈ | ਇਸ ਮੌਕੇ ਉਨ੍ਹਾਂ ਪਰਿਵਾਰ ਨੂੰ 31 ਹਜ਼ਾਰ ਰੁਪਏ ਦੇ ਮਾਲੀ ਮਦਦ ਮੌਕੇ 'ਤੇ ਹੀ ਦਿੱਤੀ | ਸੈਣੀ ਨੇ ਭਰੋਸਾ ਦਿਵਾਇਆ ਕਿ ਜੇਕਰ ਨਗਰ ਕੌਂਸਲ ਵੱਲੋਂ ਪਰਿਵਾਰ ਦੀ ਕੱਚੀ ਛੱਤ ਦੇ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਉਹ ਖੁੱਦ ਆਪਣੇ ਵਲੋਂ ਪਰਿਵਾਰ ਦੀ ਕੱਚੀ ਛੱਤ ਨੂੰ ਪੱਕਾ ਕਰਵਾ ਦੇਣਗੇ | ਉਨ੍ਹਾਂ ਇਹ ਵੀ ਕਿਹਾ ਕਿ ਪਰਿਵਾਰ ਦਾ ਕੋਈ ਮੈਂਬਰ ਪ੍ਰਾਈਵੇਟ ਨੌਕਰੀ ਲਗਣਾ ਚਾਹੇ ਤਾਂ ਉਹ ਤੁਰੰਤ ਲਗਵਾ ਦੇਣਗੇ ਤੇ ਜਦੋਂ ਉਨ੍ਹਾਂ ਦੀ ਸਰਕਾਰ ਆਵੇਗੀ ਤਾਂ ਉਦੋਂ ਉਹ ਪਹਿਲ ਦੇ ਆਧਾਰ 'ਤੇ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਦਿਵਾਉਣ ਦਾ ਯਤਨ ਕਰਨਗੇ | ਇਸ ਮੌਕੇ ਉਨ੍ਹਾਂ ਨਾਲ ਹਰਪ੍ਰੀਤ ਸਿੰਘ ਟਿੰਕੂ, ਗੁਲਜਾਰ ਸਿੰਘ ਟਿਵਾਣਾ, ਸੰਨਤ ਭਾਰਦਵਾਜ, ਪੁਸ਼ਪਿੰਦਰ ਮਹਿਤਾ ਸਮੇਤ ਵੱਡੀ ਗਿਣਤੀ ਭਾਜਪਾਈ ਹਾਜ਼ਰ ਸਨ |