ਐੱਸ. ਏ. ਐੱਸ. ਨਗਰ, 15 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਈਆਂ ਜਾ ਰਹੀਆਂ 69ਵੀਂ ਰਾਜ ਪੱਧਰੀ ਖੇਡਾਂ ਦੌਰਾਨ 14 ਸਾਲ ਉਮਰ ਵਰਗ ਦੇ ਲੜਕਿਆਂ ਦੇ ਵਾਲੀਬਾਲ ਮੁਕਾਬਲੇ ਸਥਾਨਕ ਸੈਕਟਰ-63 ਦੇ ਬਹੁਮੰਤਵੀ ਸਪੋਰਟਸ ਕੰਪਲੈਕਸ ਵਿਖੇ ਮੁਕੰਮਲ ਹੋਏ | ਜ਼ਿਲ੍ਹਾ ਸਿੱਖਿਆ ਅਫ਼ਸਰ (ਸ. ਸ.) ਡਾ: ਗਿੰਨੀ ਦੁੱਗਲ ਦੀ ਅਗਵਾਈ ਵਿਚ ਕਰਵਾਏ ਇਨ੍ਹਾਂ ਮੁਕਾਬਲਿਆਂ ਵਿਚ ਵਧੀਆ ਪ੍ਰਰਦਸ਼ਨ ਕਰਦਿਆਂ ਮੇਜ਼ਬਾਨ ਪੀ. ਆਈ. ਐੱਸ. ਮੁਹਾਲੀ ਦੀ ਟੀਮ ਚੈਂਪੀਅਨ ਬਣੀ | ਅੱਜ ਹੋਏ ਪਹਿਲੇ ਸੈਮੀਫਾਈਨਲ ਵਿਚ ਗੁਰਦਾਸਪੁਰ ਦੀ ਟੀਮ ਨੇ ਸ਼ਹੀਦ ਭਗਤ ਸਿੰਘ ਨਗਰ ਨੂੰ ਹਰਾਇਆ, ਜਦਕਿ ਦੂਜੇ ਸੈਮੀਫਾਈਨਲ ਵਿਚ ਪੀ. ਆਈ. ਐੱਸ. ਮੁਹਾਲੀ ਦੀ ਟੀਮ ਨੇ ਬਠਿੰਡਾ ਨੂੰ ਹਰਾ ਕੇ ਫਾਈਨਲ ਵਿਚ ਥਾਂ ਬਣਾਈ | ਇਸੇ ਤਰ੍ਹਾਂ ਪੀ. ਆਈ. ਐੱਸ. ਮੁਹਾਲੀ ਤੇ ਗੁਰਦਾਸਪੁਰ ਵਿਚਕਾਰ ਖੇਡੇ ਗਏ ਫਾਈਨਲ ਮੈਚ ਵਿਚ ਮੁਹਾਲੀ ਦੀ ਟੀਮ ਨੇ ਗੁਰਦਾਸਪੁਰ ਨੂੰ ਮਾਤ ਦਿੰਦਿਆਂ ਰਾਜ ਜੇਤੂ ਬਣਨ ਦਾ ਮਾਣ ਹਾਸਲ ਕੀਤਾ | ਤੀਜੇ ਅਤੇ ਚੌਥੇ ਸਥਾਨ ਲਈ ਹੋਏ ਮੈਚ ਵਿਚ ਬਠਿੰਡਾ ਨੇ ਸ਼ਹੀਦ ਭਗਤ ਸਿੰਘ ਨਗਰ ਦੀ ਟੀਮ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ, ਜਦਕਿ ਸ਼ਹੀਦ ਭਗਤ ਸਿੰਘ ਨਗਰ ਦੀ ਟੀਮ ਨੂੰ ਚੌਥਾ ਸਥਾਨ ਹਾਸਿਲ ਹੋਇਆ | ਇਸ ਮੌਕੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ: ਇੰਦੂ ਬਾਲਾ ਨੇ ਇਨਾਮਾਂ ਦੀ ਵੰਡ ਕਰਦਿਆਂ ਜੇਤੂ ਤੇ ਉੱਪ ਜੇਤੂ ਟੀਮ ਨੂੰ ਟਰਾਫ਼ੀਆਂ ਤੇ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ | ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸ. ਸ.) ਡਾ: ਦੁੱਗਲ ਨੇ ਜੇਤੂ ਰਹੀ ਮੇਜ਼ਬਾਨ ਪੀ. ਆਈ. ਐੱਸ. ਟੀਮ ਵਲੋਂ ਦਿਖਾਈ ਵਧੀਆ ਖੇਡ ਦੀ ਸ਼ਲਾਘਾ ਕਰਦਿਆਂ ਟੀਮ ਦੇ ਖਿਡਾਰੀਆਂ ਨੂੰ ਵਧਾਈ ਦਿੱਤੀ | ਉਨ੍ਹਾਂ ਦੱਸਿਆ ਕਿ ਜੇਤੂ ਰਹਿਣ ਵਾਲੀ ਪੀ. ਆਈ. ਐੱਸ. ਮੋਹਾਲੀ ਦੀ ਟੀਮ ਕੌਮੀ ਸਕੂਲ ਖੇਡਾਂ ਵਿਚ ਪੰਜਾਬ ਦੀ ਪ੍ਰਤੀਨਿਧਤਾ ਕਰੇਗੀ | ਇਸ ਮੌਕੇ ਰਮੇਸ਼ ਕੁਮਾਰ, ਵੀਨਾ ਕੁਮਾਰੀ, ਨਿਰਮਲਜੀਤ ਕੌਰ, ਨੀਰਜ ਭਾਸਕਰ, ਕੁਲਦੀਪ ਕੌਰ, ਗੁਲਸ਼ਨ ਕੁਮਾਰ ਕੁਰਾਲੀ, ਰਮਨਦੀਪ ਸਿੰਘ, ਸਤਵੀਰ ਸਿੰਘ, ਅੰਕੁਰ ਖਰਬੰਦਾ ਮੁੰਧੋਂ, ਉਪਕਾਰ ਸਿੰਘ, ਮਨਜਿੰਦਰ ਸਿੰਘ ਤੇ ਵੱਖ-ਵੱਖ ਜਿਲਿ੍ਹਆਂ ਤੋਂ ਆਏ ਖੇਡ ਅਧਿਆਪਕ ਹਾਜ਼ਰ ਸਨ |