ਜ਼ੀਰਕਪੁਰ, 15 ਅਕਤੂਬਰ (ਹੈਪੀ ਪੰਡਵਾਲਾ)-ਸਬ-ਡਵੀਜ਼ਨ ਜ਼ੀਰਕਪੁਰ ਦੇ ਏ. ਐੱਸ. ਪੀ. ਗਜ਼ਲਪ੍ਰੀਤ ਕੌਰ ਵਲੋਂ ਸਰਕਾਰੀ ਹਾਈ ਸਕੂਲ ਬਲਟਾਣਾ ਦੇ ਵਿਦਿਆਰਥੀਆਂ ਤੇ ਸਟਾਫ਼ ਨਾਲ ਇਕ ਇੰਟਰਐਕਟਿਵ ਸੈਸ਼ਨ ਕੀਤਾ ਗਿਆ | ਇਸ ਮੁਲਾਕਾਤ ਦੌਰਾਨ ਗਜ਼ਲਪ੍ਰੀਤ ਕੌਰ ਨੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਿਵੇਂ ਮਿਹਨਤ, ਅਨੁਸ਼ਾਸਨ ਤੇ ਦਿ੍ੜ ਇਰਾਦੇ ਨਾਲ ਜੀਵਨ 'ਚ ਸਫ਼ਲਤਾ ਹਾਸਿਲ ਕੀਤੀ ਜਾ ਸਕਦੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਜੀਵਨ ਦਾ ਸਪੱਸ਼ਟ ਨਿਸ਼ਾਨਾ ਨਿਰਧਾਰਤ ਕਰਨ ਅਤੇ ਪੜ੍ਹਾਈ 'ਤੇ ਧਿਆਨ ਕੇਂਦਿ੍ਤ ਕਰਕੇ ਆਪਣਾ ਭਵਿੱਖ ਰੌਸ਼ਨ ਕਰਨ | ਨੈਤਿਕਤਾ ਅਤੇ ਜ਼ਿੰਮੇਵਾਰ ਵਿਵਹਾਰ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਅਸਮਾਜਿਕ ਗਤੀਵਿਧੀਆਂ ਅਤੇ ਨਕਾਰਾਤਮਕ ਪ੍ਰਭਾਵਾਂ ਤੋਂ ਦੂਰ ਰਹਿਣ | ਉਨ੍ਹਾਂ ਇਹ ਵੀ ਕਿਹਾ ਕਿ ਵਿਦਿਆਰਥੀ ਸਮਾਜ 'ਚ ਸਕਾਰਾਤਮਕ ਯੋਗਦਾਨ ਪਾਉਣ ਦੇ ਨਾਲ-ਨਾਲ ਕਾਨੂੰਨ-ਵਿਵਸਥਾ ਵੀ ਬਣਾਈ ਰੱਖਣ | ਇਸ ਸੈਸ਼ਨ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਏ. ਐੱਸ. ਪੀ. ਵਲੋਂ ਦਿੱਤੇ ਕੀਮਤੀ ਮਾਰਗਦਰਸ਼ਨ ਅਤੇ ਪ੍ਰੇਰਕ ਸੰਬੋਧਨ ਦੀ ਸਰਾਹਨਾ ਕੀਤੀ |