ਡੇਰਾਬੱਸੀ, 14 ਅਕਤੂਬਰ (ਰਣਬੀਰ ਸਿੰਘ ਪੜ੍ਹੀ)-ਨੇੜਲੇ ਪਿੰਡ ਫ਼ਤਿਹਪੁਰ ਸਥਿਤ ਗੁੱਗਾ ਮਾੜੀ ਵਿਖੇ ਦੋ ਰੋਜ਼ਾ ਸਾਲਾਨਾ ਜੋੜ ਮੇਲਾ ਧੂਮਧਾਮ ਨਾਲ ਮਨਾਇਆ ਗਿਆ | ਮੇਲੇ ਦੌਰਾਨ ਰਿਵਾਇਤੀ ਖੇਡਾਂ ਜਿਵੇਂ ਕਿ ਕਬੱਡੀ, ਦੰਗਲ ਅਤੇ ਘੋੜ ਦੌੜ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ, ਜਿਸ 'ਚ ਨੇੜਲੇ ਪਿੰਡਾਂ ਤੇ ਇਲਾਕਿਆਂ ਤੋਂ ਵੱਡੀ ਗਿਣਤੀ 'ਚ ਲੋਕਾਂ ਨੇ ਸ਼ਮੂਲੀਅਤ ਕੀਤੀ | ਪਿੰਡ ਵਾਸੀਆਂ ਨੇ ਮੇਲੇ 'ਚ ਵਧ ਚੜ੍ਹ ਕੇ ਭਾਗ ਲਿਆ ਅਤੇ ਰਿਵਾਇਤੀ ਖੇਡਾਂ ਦਾ ਪੂਰਾ ਅਨੰਦ ਮਾਣਿਆ | ਮੇਲੇ 'ਚ ਕਈ ਸਿਆਸੀ ਤੇ ਸਮਾਜ ਸੇਵੀ ਹਸਤੀਆਂ ਨੇ ਵੀ ਹਾਜ਼ਰੀ ਲੁਆਈ | ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਬਲਿਹਾਰ ਸਿੰਘ ਬੱਲੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਮੇਲਾ ਪ੍ਰਬੰਧਕਾਂ ਨੂੰ 5100 ਰੁ. ਦੀ ਵਿੱਤੀ ਸਹਾਇਤਾ ਭੇਟ ਕੀਤੀ | ਉਨ੍ਹਾਂ ਪ੍ਰਬੰਧਕਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਮੇਲੇ ਸਾਡੇ ਸੱਭਿਆਚਾਰ ਅਤੇ ਖੇਡਾਂ ਨਾਲ ਨੌਜਵਾਨ ਪੀੜ੍ਹੀ ਨੂੰ ਜੋੜਦੇ ਹਨ | ਉਨ੍ਹਾਂ ਕਿਹਾ ਕਿ ਫ਼ਤਿਹਪੁਰ ਦਾ ਮੇਲਾ ਹਰ ਸਾਲ ਭਾਈਚਾਰੇ ਤੇ ਏਕਤਾ ਦੀ ਮਿਸਾਲ ਪੇਸ਼ ਕਰਦਾ ਹੈ | ਇਸ ਮੌਕੇ ਹਰਦੀਪ ਸਿੰਘ ਸਾਬਕਾ ਸਰਪੰਚ, ਸੇਵਾ-ਮੁਕਤ ਡੀ. ਐਸ. ਪੀ. ਸੁਭਾਸ਼ ਗੋਡ ਅਤੇ ਮੋਹਨ ਸਿੰਘ ਸੈਣੀ ਸਮੇਤ ਪਿੰਡ ਬੇਹੜਾ ਤੇ ਫ਼ਤਿਹਪੁਰ ਦੀਆਂ ਪੰਚਾਇਤਾਂ ਵੀ ਹਾਜ਼ਰ ਸਨ |