ਖਰੜ, 15 ਅਕਤੂਬਰ (ਗੁਰਮੁੱਖ ਸਿੰਘ ਮਾਨ)-ਆਰੀਆ ਸਮਾਜ ਖਰੜ ਵਲੋਂ ਇਸ ਸਾਲ ਵੀ ਸਾਲਾਨਾ ਸਮਾਰੋਹ ਅਤੇ ਰਿਸ਼ੀ ਨਿਰਵਾਣ ਦਿਵਸ ਪ੍ਰੋਗਰਾਮ 24 ਤੋਂ 26 ਅਕਤੂਬਰ ਤੱਕ ਆਰੀਆ ਕੰਨਿਆ ਵਿਦਿਆਲਿਆ ਖਰੜ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਮਾਗਮ ਨੂੰ ਲੈ ਕੇ ਅੱਜ ਆਰੀਆ ਸਮਾਜ ਖਰੜ ਦੀ ਇਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿਚ ਸਮਾਰੋਹ ਦੀ ਰੂਪਰੇਖਾ ਤਿਆਰ ਕੀਤੀ ਗਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰੋਹਿਤ ਮਿਸ਼ਰਾ ਨੇ ਦੱਸਿਆ ਕਿ ਇਸ ਸਾਲ ਵੀ ਇਹ ਸਮਾਰੋਹ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਤਿੰਨ ਦਿਨਾਂ ਸਮਾਰੋਹ ਵਿਚ ਭਜਨ, ਪ੍ਰਵਚਨ ਅਤੇ ਵੱਖ-ਵੱਖ ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਣਗੇ | ਉਨ੍ਹਾਂ ਦੱਸਿਆ ਕਿ ਇਸ ਸਮਾਰੋਹ ਦੇ ਪ੍ਰੋਗਰਾਮ ਪ੍ਰਬੰਧਕ ਮੋਨਾ ਬੰਸਲ ਤੇ ਸਹਿ-ਪ੍ਰਬੰਧਕ ਸਰੋਜ ਬਾਲਾ ਨੂੰ ਨਿਯੁਕਤ ਕੀਤਾ ਗਿਆ ਹੈ | ਇਸੇ ਤਰ੍ਹਾਂ ਜਤਿੰਦਰ ਗੁਪਤਾ ਅਤੇ ਅਰੁਣ ਜਿੰਦਲ ਸਹਿ-ਪ੍ਰਬੰਧਕ ਵਜੋਂ ਆਪਣੀ ਭੂਮਿਕਾ ਨਿਭਾਉਣਗੇ | ਉਨ੍ਹਾਂ ਦੱਸਿਆ ਕਿ ਆਰੀਆ ਸਮਾਜ ਖਰੜ ਵਲੋਂ ਸਾਰੇ ਆਰੀਆ ਭਰਾਵਾਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਪਵਿੱਤਰ ਸਮਾਰੋਹ ਵਿਚ ਭਾਗ ਲੈ ਕੇ ਵੈਦਿਕ ਸੰਸਕਿ੍ਤੀ ਅਤੇ ਸਮਾਜ ਉਥਾਨ ਦੇ ਕਾਰਜ ਵਿਚ ਆਪਣਾ ਯੋਗਦਾਨ ਪਾਉਣ |