ਕੁਰਾਲੀ, 14 ਅਕਤੂਬਰ (ਬਿੱਲਾ ਅਕਾਲਗੜ੍ਹੀਆ)-ਬਰੁੱਕਫੀਲਡ ਇੰਟਰਨੈਸ਼ਨਲ ਸਕੂਲ ਸਿਸਵਾ ਰੋਡ ਵਲੋਂ ਵਿਦਿਆਰਥੀਆਂ ਦਾ ਵਿੱਦਿਅਕ ਦੌਰਾ ਕਰਵਾਇਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰੈਜ਼ੀਡੈਂਟ ਮਾਨਵ ਸਿੰਗਲਾ ਨੇ ਦੱਸਿਆ ਕਿ ਭਾਰਤ ਵਿਚ ਹਾਲੇ ਵੀ ਸਕੂਲਾਂ 'ਚ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀ ਟ੍ਰੇਨਿੰਗ ਦੇਣ ਦਾ ਮਾਹੌਲ ਨਹੀਂ ਬਣਿਆ, ਪਰ ਇਹ ਸਪੱਸ਼ਟ ਹੈ ਕਿ ਜੇਕਰ ਸਕੂਲਾਂ ਵਿਚ ਹੀ ਬੱਚਿਆਂ ਨੂੰ ਇਸ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਜਾਵੇ ਤਾਂ ਇਹ ਯਕੀਨਨ ਕਿਸੇ ਦੀ ਅਨਮੋਲ ਜ਼ਿੰਦਗੀ ਬਚਾਉਣ 'ਚ ਸਹਾਈ ਸਿੱਧ ਹੋ ਸਕਦੀ ਹੈ | ਉਨ੍ਹਾਂ ਅੱਗੇ ਕਿਹਾ ਕਿ ਇਸ ਤਰ੍ਹਾਂ ਦੇ ਵਿੱਦਿਅਕ ਟੂਰ ਨਾ ਸਿਰਫ਼ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਮਾਹੌਲ ਤੋਂ ਕੱਢ ਕੇ ਕੁਦਰਤ ਦੀ ਗੋਦ 'ਚ ਰਹਿੰਦੇ ਹੋਏ ਇਕ ਖ਼ੁਸ਼ਨੰੁਮਾ ਮਾਹੌਲ ਪ੍ਰਦਾਨ ਕਰਦੇ ਹਨ, ਉਥੇ ਹੀ ਉਹ ਦੁਬਾਰਾ ਤਰੋ ਤਾਜ਼ਾ ਹੋ ਕੇ ਨਵੀਂ ਊਰਜਾ ਨਾਲ ਪੜ੍ਹਾਈ 'ਤੇ ਧਿਆਨ ਦਿੰਦੇ ਹਨ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਬੱਚਿਆਂ ਨੂੰ ਟ੍ਰੈਕਿੰਗ, ਪਾਣੀ ਦੇ ਤੇਜ਼ ਵਹਾਅ ਤੋਂ ਬਚਣ ਦੇ ਤਰੀਕੇ ਤੇ ਦੀਵਾਰ 'ਤੇ ਚੜ੍ਹਨ ਦੇ ਤਰੀਕੇ ਸਮੇਤ ਕਈ ਹੋਰ ਰੌਚਕ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਗਿਆ |