ਚੰਡੀਗੜ੍ਹ, 15 ਅਕਤੂਬਰ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ ਦੇ ਵਪਾਰ ਵਰਗ ਲਈ ਮਾਣ ਦੀ ਗੱਲ ਹੈ ਕਿ ਚੰਡੀਗੜ੍ਹ ਵਪਾਰ ਮੰਡਲ (ਸੀਬੀਐਮ) ਦੇ ਚੇਅਰਮੈਨ ਚਰਨਜੀਤ ਸਿੰਘ ਨੂੰ ਭਾਰਤ ਸਰਕਾਰ ਦੇ ਵਪਾਰ ਅਤੇ ਉਦਯੋਗ ਮੰਤਰਾਲੇ ਵਲੋਂ ਨੈਸ਼ਨਲ ਟਰੇਡਰਜ਼ ਵੈੱਲਫੇਅਰ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ | ਇਹ ਨਿਯੁਕਤੀ ਸਿਰਫ਼ ਚੰਡੀਗੜ੍ਹ ਲਈ ਹੀ ਨਹੀਂ ਸਗੋਂ ਪੂਰੇ ਪੰਜਾਬ ਦੇ ਵਪਾਰਕ ਸਮਾਜ ਲਈ ਵੀ ਵੱਡੀ ਉਪਲਬਧੀ ਮੰਨੀ ਜਾ ਰਹੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਚੰਡੀਗੜ੍ਹ ਵਪਾਰ ਮੰਡਲ ਦੇ ਪ੍ਰਧਾਨ ਸੰਜੀਵ ਚੱਡਾ ਨੇ ਚਰਨਜੀਤ ਸਿੰਘ ਨੂੰ ਸਨਮਾਨਤ ਕਰਨ ਮੌਕੇ ਕੀਤਾ | ਉਪ ਪ੍ਰਧਾਨ ਦਿਵਾਕਰ ਸਹੰੂਜਾ ਨੇ ਕਿਹਾ ਕਿ ਇਹ ਨਿਯੁਕਤੀ ਚੰਡੀਗੜ੍ਹ ਵਪਾਰ ਮੰਡਲ ਲਈ ਗੌਰਵ ਦੀ ਗੱਲ ਹੈ | ਚਰਨਜੀਤ ਸਿੰਘ ਨੇ ਆਪਣੀ ਨਿਯੁਕਤੀ 'ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਉਹ ਵਪਾਰਕ ਹਿੱਤਾਂ ਦੀ ਸੁਰੱਖਿਆ, ਟੈਕਸ ਪ੍ਰਣਾਲੀ 'ਚ ਸੁਧਾਰ ਅਤੇ ਛੋਟੇ ਵਪਾਰੀਆਂ ਦੀ ਭਲਾਈ ਲਈ ਨਿਰੰਤਰ ਯਤਨ ਕਰਦੇ ਰਹਿਣਗੇ | ਇਸ ਮੌਕੇ ਮੁੱਖ ਸਲਾਹਕਾਰ ਭੁਪਿੰਦਰ ਨਰਾਦ, ਸੀਨੀਅਰ ਆਗੂ ਗੁਰਸ਼ਰਨ ਬੱਤਰਾ (ਸਾਬਕਾ ਪ੍ਰਧਾਨ ਲੈਫ਼. ਇੰਦਰਲਾਲ ਬੱਤਰਾ ਦੇ ਪੁੱਤਰ), ਪਰਸ਼ੋਤਮ ਮਹਾਜਨ, ਬਲਵਿੰਦਰ ਸਿੰਘ, ਵਰਿੰਦਰ ਗੁਪਤਾ, ਮੋਹਿਤ ਸੂਦ, ਰਾਧੇ ਲਾਲ ਬਜਾਜ਼, ਰਤੀਸ਼ ਤਲਵਾੜ ਅਤੇ ਵਿਨੋਦ ਜੋਸ਼ੀ ਸਮੇਤ ਹੋਰ ਮੈਂਬਰਾਂ ਨੇ ਚਰਨਜੀਤ ਸਿੰਘ ਨੂੰ ਦਿਲੋਂ ਵਧਾਈ ਦਿੱਤੀ | ਇਸ ਮੌਕੇ ਕਈ ਵਪਾਰੀ ਆਗੂਆਂ ਨੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਖੁਸ਼ੀ ਵੀ ਜ਼ਾਹਿਰ ਕੀਤੀ |