ਚੰਡੀਗੜ੍ਹ, 15 ਅਕਤੂਬਰ (ਅਜਾਇਬ ਸਿੰਘ ਔਜਲਾ)-ਪੰਜਾਬ ਦੀਆਂ ਮੰਡੀਆਂ ਨੂੰ ਆਧੁਨਿਕ ਤਕਨੀਕ ਨਾਲ ਜੋੜਨ ਅਤੇ ਨਵਿਆਉਣਯੋਗ ਊਰਜਾ ਨੂੰ ਵਧਾਵਾ ਦੇਣ ਵੱਲ ਅਹਿਮ ਕਦਮ ਚੁੱਕਦਿਆਂ ਹੋਇਆ ਪੰਜਾਬ ਮੰਡੀ ਬੋਰਡ ਨੇ ਪਹਿਲੇ ਫ਼ੇਜ਼ ਵਿਚ ਜ਼ਿਲ੍ਹਾ ਪਟਿਆਲਾ, ਜਲੰਧਰ, ਫ਼ਿਰੋਜ਼ਪੁਰ ਤੇ ਲੁਧਿਆਣਾ ਦੀਆਂ ਵੱਖ-ਵੱਖ ਮੰਡੀਆਂ ਵਿਚ ਸੋਲਰ ਪਾਵਰ ਪਲਾਂਟ ਲਗਾਉਣ ਦੀ ਯੋਜਨਾ ਬਣਾਈ ਹੈ, ਜਿਸ ਤੇ ਜੰਗੀ ਪੱਧਰ ਤੇ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਸ ਯੋਜਨਾ ਤੇ ਲਗਪਗ 24.42 ਕਰੋੜ ਰੁਪਏ ਖ਼ਰਚ ਆਵੇਗਾ | ਇਸ ਪਹਿਲਕਦਮੀ ਨਾਲ ਬਿਜਲੀ ਖ਼ਰਚਿਆਂ ਵਿਚ ਸਾਲਾਨਾ ਲਗਭਗ 8.33 ਕਰੋੜ ਰੁਪਏ ਦੀ ਬੱਚਤ ਹੋਣ ਦੀ ਉਮੀਦ ਹੈ | ਇਹ ਜਾਣਕਾਰੀ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵਲੋਂ ਸਾਂਝੀ ਕੀਤੀ | ਉਨ੍ਹਾਂ ਕਿਹਾ ਕਿ ਇਹ ਯੋਜਨਾ ਸੂਬੇ ਦੀਆਂ ਮੰਡੀਆਂ ਵਿਚ ਨਵੀਨਤਮ ਤਕਨੀਕ ਲਿਆਉਣ ਦੀ ਦਿਸ਼ਾ ਵਿਚ ਮੀਲ ਪੱਥਰ ਸਾਬਤ ਹੋਵੇਗੀ | ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਦੀਆਂ ਮੰਡੀਆਂ ਨੂੰ ਆਧੁਨਿਕ ਅਤੇ ਸੁਵਿਧਾਜਨਕ ਬਣਾਇਆ ਜਾ ਰਿਹਾ ਹੈ, ਤਾਂ ਜੋ ਕਿਸਾਨਾਂ, ਆੜ੍ਹਤੀਆਂ, ਮਜਦੂਰਾਂ ਅਤੇ ਮੰਡੀਆਂ ਵਿਚ ਆਉਣ ਵਾਲੇ ਹੋਰ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ | ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦੀ ਸ਼ੁਰੂਆਤ ਦਾਣਾ ਮੰਡੀ, ਪਟਿਆਲਾ ਤੋਂ ਕੀਤੀ ਜਾ ਚੁੱਕੀ ਹੈ ਅਤੇ ਪਟਿਆਲਾ ਮੰਡੀ ਵਿਖੇ 74 ਕਿਲੋਵਾਟ ਦੀ ਸਮਰੱਥਾ ਵਾਲਾ ਰੂਫ਼ ਟੌਪ ਸੋਲਰ ਪਾਵਰ ਪਲਾਂਟ ਲਗਾਇਆ ਜਾ ਰਿਹਾ ਹੈ | ਜ਼ਿਲ੍ਹਾ ਪਟਿਆਲਾ ਦੀਆਂ 10 ਵੱਖ-ਵੱਖ ਮੰਡੀਆਂ ਵਿਚ 656 ਕਿਲੋਵਾਟ ਸਮਰੱਥਾ ਵਾਲੇ ਸੋਲਰ ਪਾਵਰ ਪਲਾਂਟ ਦੀ ਸਥਾਪਨਾ ਕੀਤੀ ਜਾਵੇਗੀ, ਜਿਸ ਤੇ ਕਰੀਬ 6.49 ਕਰੋੜ ਰੁਪਏ ਖ਼ਰਚ ਆਵੇਗਾ | ਇਸੇ ਤਰ੍ਹਾਂ ਜ਼ਿਲ੍ਹਾ ਲੁਧਿਆਣਾ ਦੀਆਂ 11 ਵੱਖ-ਵੱਖ ਮੰਡੀਆਂ ਵਿਚ ਲਗਪਗ 7.12 ਕਰੋੜ ਰੁਪਏ ਦੀ ਲਾਗਤ ਨਾਲ 757 ਕਿਲੋਵਾਟ ਸਮਰੱਥਾ ਦਾ ਪਲਾਂਟ ਲਗਾਇਆ ਜਾਵੇਗਾ | ਜ਼ਿਲ੍ਹਾ ਫ਼ਿਰੋਜਪੁਰ ਵਿਖੇ ਕਰੀਬ 5.10 ਕਰੋੜ ਰੁਪਏ ਦੀ ਲਾਗਤ ਨਾਲ 8 ਵੱਖ-ਵੱਖ ਮੰਡੀਆਂ ਵਿਚ 647 ਕਿਲੋਵਾਟ ਸਮਰੱਥਾ ਦਾ ਪਲਾਂਟ ਲਗਾਇਆ ਜਾਣਾ ਹੈ | ਜ਼ਿਲ੍ਹਾ ਜਲੰਧਰ ਦੀਆਂ 11 ਵੱਖ-ਵੱਖ ਮੰਡੀਆਂ ਵਿਚ 794 ਕਿਲੋਵਾਟ ਸਮਰੱਥਾ ਦਾ ਸੋਲਰ ਪਾਵਰ ਪਲਾਂਟ ਲਗਾਇਆ ਜਾਣਾ ਹੈ, ਜਿਸ ਤੇ ਕਰੀਬ 5.71 ਕਰੋੜ ਰੁਪਏ ਖ਼ਰਚ ਆਵੇਗਾ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਟਿਆਲਾ, ਜਲੰਧਰ, ਫ਼ਿਰੋਜ਼ਪੁਰ ਅਤੇ ਲੁਧਿਆਣਾ ਦੀਆਂ 40 ਵੱਖ-ਵੱਖ ਮੰਡੀਆਂ ਵਿਚ ਲਗਾਏ ਜਾਣ ਵਾਲੇ ਸੋਲਰ ਪਾਵਰ ਪਲਾਂਟ ਤੇ ਕਰੀਬ 24.42 ਕਰੋੜ ਰੁਪਏ ਖ਼ਰਚ ਆਵੇਗਾ, ਜਿਸ ਨਾਲ ਪੰਜਾਬ ਮੰਡੀ ਬੋਰਡ ਨੂੰ ਸਾਲਾਨਾ ਲਗਭਗ 8 ਕਰੋੜ 33 ਲੱਖ ਰੁਪਏ ਬਿਜਲੀ ਖ਼ਰਚਿਆਂ ਦੇ ਬੱਚਤ ਹੋਣ ਦੀ ਉਮੀਦ ਹੈ ਅਤੇ ਲਗਭਗ 3 ਸਾਲਾਂ ਵਿਚ ਇਹਨਾਂ ਸੋਲਰ ਪਾਵਰ ਪਲਾਂਟਾ ਤੇ ਹੋਏ ਖ਼ਰਚੇ ਦਾ ਭੁਗਤਾਨ ਪੂਰਾ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਸੋਲਰ ਪਾਵਰ ਪਲਾਂਟ ਲਗਾਉਣ ਨਾਲ ਜਿੱਥੇ ਮੰਡੀਆਂ ਦੀ ਬਿਜਲੀ ਲਾਗਤ ਘਟੇਗੀ, ਉੱਥੇ ਹੀ ਲੰਬੇ ਸਮੇਂ ਦੌਰਾਨ ਸਰਕਾਰੀ ਖ਼ਰਚ ਵਿਚ ਵੀ ਮਹੱਤਵਪੂਰਨ ਕਮੀ ਆਵੇਗੀ |