ਐੱਸ. ਏ. ਐੱਸ. ਨਗਰ, 16 ਅਕਤੂਬਰ (ਕਪਿਲ ਵਧਵਾ)-ਆਈ. ਟੀ. ਸਿਟੀ ਥਾਣਾ ਪੁਲਿਸ ਨੇ ਪ੍ਰੋਬੇਸ਼ਨਰੀ ਆਫ਼ੀਸਰ ਦੀ ਪ੍ਰੀਖਿਆ ਦੌਰਾਨ ਧੋਖੇ ਨਾਲ ਸ਼ਾਮਿਲ ਹੋਏ ਉਮੀਦਵਾਰ ਅਤੇ ਉਸ ਦੇ ਨਾਲ ਆਏ ਸਕ੍ਰਾਈਬ ਉਮੀਦਵਾਰ ਖ਼ਿਲਾਫ਼ ਫ਼ੌਜਦਾਰੀ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਹੈ | ਪੁਲਿਸ ਨੇ ਇਹ ਕਾਰਵਾਈ ਐਗਜ਼ਾਮੀਨੇਸ਼ਨ ਸੈਂਟਰ ਦੇ ਵੈਨਿਊ ਕਮਾਂਡ ਅਫ਼ਸਰ ਗੌਤਮ ਦੀ ਸ਼ਿਕਾਇਤ 'ਤੇ ਕੀਤੀ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਗੌਤਮ ਨੇ ਦੱਸਿਆ ਕਿ ਪ੍ਰੀਖਿਆ ਕੇਂਦਰ 'ਚ ਪ੍ਰੋਬੇਸ਼ਨਰੀ ਆਫ਼ੀਸਰ ਦੇ ਅਹੁਦੇ ਲਈ ਪੇਪਰ ਲਿਆ ਜਾ ਰਿਹਾ ਸੀ ਅਤੇ ਇਸੇ ਦੌਰਾਨ ਹਰਿਆਣਾ ਦੇ ਭਿਵਾਨੀ ਦਾ ਰਹਿਣ ਵਾਲਾ ਸਚਿਨ ਕੁਮਾਰ ਉਮੀਦਵਾਰ ਵਜੋਂ ਪੇਪਰ ਦੇਣ ਲਈ ਆਇਆ | ਉਸ ਨੇ ਆਪਣੇ ਅਰਜ਼ੀ ਪੱਤਰ ਨਾਲ ਅਪੰਗਤਾ ਸਰਟੀਫ਼ਿਕੇਟ ਜੋੜਿਆ ਹੋਇਆ ਸੀ, ਜਿਸ ਕਰਕੇ ਉਸ ਨੂੰ ਆਪਣੇ ਨਾਲ ਇਕ ਸਕ੍ਰਾਈਬ ਉਮੀਦਵਾਰ ਲਿਆਉਣ ਦੀ ਆਗਿਆ ਦਿੱਤੀ ਗਈ ਸੀ | ਸਚਿਨ ਆਪਣੇ ਨਾਲ ਇਕ ਵਿਅਕਤੀ ਨੂੰ ਲੈ ਕੇ ਆਇਆ, ਜਿਸ ਦਾ ਨਾਂਅ ਉਸ ਨੇ ਰੋਹਿਤ ਦੱਸਿਆ | ਦੋਵੇਂ ਨੇ ਪ੍ਰੀਖਿਆ ਵਿਚ ਹਿੱਸਾ ਲਿਆ, ਪਰ ਜਦੋਂ ਰੋਹਿਤ ਦਾ ਆਧਾਰ ਕਾਰਡ ਜਾਂਚਿਆ ਗਿਆ ਤਾਂ ਉਹ ਜਾਅਲੀ ਨਿਕਲਿਆ | ਇਸ 'ਤੇ ਕੇਂਦਰ ਅਧਿਕਾਰੀਆਂ ਨੇ ਤੁਰੰਤ ਪੁੱਛਗਿੱਛ ਕੀਤੀ ਅਤੇ ਜਾਂਚ ਦੌਰਾਨ ਸਾਹਮਣੇ ਆਇਆ ਕਿ ਉਹ ਵਿਅਕਤੀ ਆਪਣੀ ਅਸਲੀ ਪਛਾਣ ਲੁਕਾਉਣ ਲਈ ਨਕਲੀ ਆਧਾਰ ਕਾਰਡ ਵਰਤ ਰਿਹਾ ਸੀ | ਇਸੇ ਦੌਰਾਨ ਸਚਿਨ ਮੌਕੇ ਤੋਂ ਨਿਕਲ ਗਿਆ, ਜਦਕਿ ਰੋਹਿਤ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ | ਪੁਲਿਸ ਦੀ ਜਾਂਚ ਦੌਰਾਨ ਉਸ ਦੀ ਅਸਲੀ ਪਛਾਣ ਹਿਸਾਰ ਦੇ ਰਹਿਣ ਵਾਲੇ ਵਿਕਰਮ ਵਜੋਂ ਸਾਹਮਣੇ ਆਈ | ਇਸ ਸੰਬੰਧੀ ਆਈ. ਟੀ. ਸਿਟੀ ਥਾਣੇ ਦੇ ਪੁਲਿਸ ਨੇ ਸਚਿਨ ਕੁਮਾਰ ਤੇ ਵਿਕਰਮ ਖ਼ਿਲਾਫ਼ ਧੋਖਾਧੜੀ, ਜਾਅਲਸਾਜ਼ੀ ਅਤੇ ਝੂਠੀ ਪਛਾਣ ਵਰਤਣ ਦੋਸ਼ ਹੇਠ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਨੂੰ ਸ਼ੱਕ ਹੈ ਕਿ ਇਸ ਪੂਰੇ ਮਾਮਲੇ ਵਿਚ ਹੋਰਨਾਂ ਲੋਕਾਂ ਦੀ ਭੂਮਿਕਾ ਵੀ ਹੋ ਸਕਦੀ ਹੈ | ਪੁਲਿਸ ਵਲੋਂ ਫਰਜ਼ੀ ਨਾਂਅ ਨਾਲ ਪੇਪਰ ਦੇਣ ਆਏ ਰੋਹਿਤ ਅਸਲੀ ਨਾਂਅ ਵਿਕਰਮ ਅਤੇ ਤਰੁਣ ਵਾਸੀ ਹਿਸਾਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ |