ਚੰਡੀਗੜ੍ਹ, 17 ਅਕਤੂਬਰ (ਕਪਿਲ ਵਧਵਾ) ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਦੇ ਫ਼ੇਜ਼-1 'ਚ ਸਥਿਤ ਭੂਸ਼ਣ ਫ਼ੈਕਟਰੀ 'ਚ ਕੰਮ ਦੌਰਾਨ ਇਕ ਮਜ਼ਦੂਰ ਦੀ ਮੌਤ ਹੋ ਗਈ | ਇਸ ਸਬੰਧੀ ਇੰਡਸਟਰੀਅਲ ਏਰੀਆ ਥਾਣੇ ਦੀ ਪੁਲਿਸ ਨੇ ਫ਼ੈਕਟਰੀ ਪ੍ਰਬੰਧਕਾਂ ਖ਼ਿਲਾਫ਼ ਬੀ. ਐੱਨ. ਐੱਸ. ਦੀ ਧਾਰਾ 106(1) ਤਹਿਤ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਹੱਲੋਮਾਜਰਾ ਚੰਡੀਗੜ੍ਹ ਦੀ ਰਹਿਣ ਵਾਲੀ ਇਕ ਲੜਕੀ ਨੇ ਦੱਸਿਆ ਕਿ 15 ਅਕਤੂਬਰ ਨੂੰ ਉਸਦਾ ਪਿਤਾ ਭੂਸ਼ਣ ਫ਼ੈਕਟਰੀ ਫ਼ੇਜ਼-1 'ਚ ਕੰਮ ਕਰ ਰਿਹਾ ਸੀ | ਕੰਮ ਦੌਰਾਨ ਫ਼ੈਕਟਰੀ ਪ੍ਰਬੰਧਕਾਂ ਦੀ ਲਾਪਰਵਾਹੀ ਕਾਰਨ ਇਕ ਭਾਰੀ ਆਇਰਨ ਹੁੱਕ ਉਸ 'ਤੇ ਡਿੱਗ ਪਿਆ ਜਿਸ ਨਾਲ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ | ਜ਼ਖ਼ਮੀ ਹਾਲਤ 'ਚ ਉਸ ਨੂੰ ਤੁਰੰਤ ਜੀ. ਐੱਮ. ਸੀ. ਐਚ-32 ਚੰਡੀਗੜ੍ਹ ਪਹੁੰਚਾਇਆ ਗਿਆ, ਜਿੱਥੇ ਡਿਊਟੀ ਡਾਕਟਰ ਨੇ ਉਸਨੂੰ ਮਿ੍ਤ ਘੋਸ਼ਿਤ ਕਰ ਦਿੱਤਾ | ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਜਾਂਚ ਦੌਰਾਨ ਫ਼ੈਕਟਰੀ 'ਚ ਸੁਰੱਖਿਆ ਪ੍ਰਬੰਧਾਂ ਅਤੇ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਸੰਬੰਧੀ ਤੱਥ ਖੰਘਾਲੇ ਜਾ ਰਹੇ ਹਨ |