ਚੰਡੀਗੜ੍ਹ, 17 ਅਕਤੂਬਰ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ ਦੇ ਸੈਕਟਰ 17 'ਚ 120 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਡੀ. ਸੀ. ਦਫ਼ਤਰ ਪ੍ਰੋਜੈਕਟ ਨੂੰ ਲੈ ਕੇ ਸਥਾਨਕ ਵਸਨੀਕਾਂ ਤੇ ਚੁਣੇ ਪ੍ਰਤੀਨਿਧੀਆਂ ਨੇ ਚਿੰਤਾ ਜਤਾਈ ਹੈ | ਭਾਜਪਾ ਕੌਂਸਲਰ ਸੌਰਭ ਜੋਸ਼ੀ ਨੇ ਚੰਡੀਗੜ੍ਹ ਪ੍ਰਸ਼ਾਸਕ-ਕਮ-ਗਵਰਨਰ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਹੋਟਲ ਸ਼ਿਵਾਲਿਕ ਵਿਊ ਨੇੜੇ ਪ੍ਰਸਤਾਵਿਤ ਸਾਈਟ 'ਤੇ ਮੁੜ ਵਿਚਾਰ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਸੈਕਟਰ 17 ਪਹਿਲਾਂ ਹੀ ਭਾਰੀ ਟਰੈਫ਼ਿਕ, ਪਾਰਕਿੰਗ ਸਮੱਸਿਆ ਅਤੇ ਪ੍ਰਸ਼ਾਸਕੀ ਇਮਾਰਤਾਂ ਦੇ ਬੋਝ ਨਾਲ ਪੀੜਤ ਹੈ | ਜੇਕਰ ਇਸ ਇਲਾਕੇ 'ਚ ਨਵਾਂ ਡੀ. ਸੀ. ਦਫ਼ਤਰ ਬਣਾਇਆ ਗਿਆ ਤਾਂ ਆਉਣ ਵਾਲੇ ਸਮੇਂ 'ਚ ਸਥਿਤੀ ਹੋਰ ਗੰਭੀਰ ਹੋ ਜਾਵੇਗੀ ਅਤੇ ਜਨਤਕ ਪੈਸੇ ਦੀ ਬਰਬਾਦੀ ਵੀ ਹੋਵੇਗੀ | ਜੋਸ਼ੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਲਾਕੇ ਦੇ ਵਪਾਰੀਆਂ, ਮਾਰਕੀਟ ਐਸੋਸੀਏਸ਼ਨਾਂ ਅਤੇ ਵਸਨੀਕਾਂ ਵਲੋਂ ਕਈ ਬੇਨਤੀਆਂ ਮਿਲੀਆਂ ਹਨ ਕਿ ਇਹ ਮਾਮਲਾ ਪ੍ਰਸ਼ਾਸਨ ਅੱਗੇ ਰੱਖਿਆ ਜਾਵੇ | ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਸਥਾਨ ਆਰ.ਐੱਲ.ਏ ਆਫ਼ਿਸ, ਨਗਰ ਨਿਗਮ, ਪੁਲਿਸ ਸਟੇਸ਼ਨ, ਡਾਕ ਵਿਭਾਗ ਅਤੇ ਸੀ.ਏ.ਟੀ. ਟਿ੍ਬਿਊਨਲ ਨਾਲ ਘਿਰਿਆ ਹੋਇਆ ਹੈ, ਜਿਸ ਕਰਕੇ ਇੱਥੇ ਪਹਿਲਾਂ ਹੀ ਟਰੈਫ਼ਿਕ ਦਾ ਦਬਾਅ ਹੈ | ਭਾਜਪਾ ਕੌਂਸਲਰ ਸੌਰਭ ਜੋਸ਼ੀ ਨੇ ਕਿਹਾ ਇਹ ਪ੍ਰੋਜੈਕਟ ਚੰਗਾ ਹੈ ਪਰ ਥਾਂ ਗ਼ਲਤ ਚੁਣੀ ਗਈ ਹੈ | ਜੇਕਰ ਡੀ. ਸੀ. ਦਫ਼ਤਰ ਇੱਥੇ ਬਣਿਆ ਤਾਂ ਟਰੈਫ਼ਿਕ ਤੇ ਪਾਰਕਿੰਗ ਦੀ ਸਮੱਸਿਆ ਕਈ ਗੁਣਾ ਵਧੇਗੀ ਅਤੇ ਫ਼ਿਰ ਇਸ ਨੂੰ ਸੁਧਾਰਨ ਲਈ ਹੋਰ ਕਰੋੜਾਂ ਖਰਚਣੇ ਪੈਣਗੇ | ਉਨ੍ਹਾਂ ਸੁਝਾਅ ਦਿੱਤਾ ਕਿ ਐੱਸ.ਬੀ.ਆਈ. ਮੇਨ ਬ੍ਰਾਂਚ ਦੇ ਸਾਹਮਣੇ ਵਾਲਾ ਖੁੱਲ੍ਹਾ ਖੇਤਰ ਇਸ ਪ੍ਰੋਜੈਕਟ ਲਈ ਵਧੀਆ ਅਤੇ ਸੁਗਮ ਵਿਕਲਪ ਹੋ ਸਕਦਾ ਹੈ | ਜੋਸ਼ੀ ਨੇ ਕਿਹਾ 'ਇਹ ਕਿਸੇ ਪ੍ਰੋਜੈਕਟ ਦਾ ਵਿਰੋਧ ਨਹੀਂ, ਸਗੋਂ ਸੁਧਾਰ ਦੀ ਅਪੀਲ ਹੈ ਤਾਂ ਜੋ ਚੰਡੀਗੜ੍ਹ ਦਾ ਵਿਕਾਸ ਯੋਜਨਾ ਅਨੁਸਾਰ ਤੇ ਜਨਤਕ ਪੈਸੇ ਦੀ ਕਦਰ ਨਾਲ ਹੋਵੇ |'