18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਗ੍ਰਨੇਡ ਸੁੱਟਣ ਦੇ ਮਾਮਲੇ 'ਚ ਸੁਣਵਾਈ ਅੱਜ <br/>

ਅਜੀਤ ਡੈਸਕ 23-10-2025
ਐੱਸ. ਏ. ਐੱਸ. ਨਗਰ, 22 ਅਕਤੂਬਰ (ਕਪਿਲ ਵਧਵਾ)-ਪੰਜਾਬ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ 'ਤੇ ਗ੍ਰਨੇਡ ਸੁੱਟਣ ਦੇ ਮਾਮਲੇ ਵਿਚ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਚਾਰ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਸੀ, ਜਦਕਿ ਦੋ ਵਿਅਕਤੀਆਂ ਸੰਬੰਧੀ ਕਲੋਜ਼ਰ ਰਿਪੋਰਟ ਦਾਇਰ ਕੀਤੀ ਗਈ ਸੀ ਅਤੇ ਇਸ ਮਾਮਲੇ ਸੰਬੰਧੀ ਅੱਜ ਵੀਰਵਾਰ ਨੂੰ ਸੁਣਵਾਈ ਹੋਵੇਗੀ | ਮਾਮਲੇ ਦੇ ਵੇਰਵਿਆਂ ਮੁਤਾਬਕ 7 ਤੇ 8 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਲਗਪਗ 1 ਵਜੇ ਕੁਝ ਅਣਪਛਾਤੇ ਵਿਅਕਤੀਆਂ ਨੇ ਜਲੰਧਰ ਵਿਚ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਬਾਹਰ ਗ੍ਰਨੇਡ ਸੁੱਟਿਆ ਗਿਆ ਸੀ, ਜੋ ਕਿ ਘਰ ਦੇ ਮੁੱਖ ਗੇਟ ਕੋਲ ਡਿੱਗਿਆ ਸੀ, ਜਿਸ ਨਾਲ ਗੇਟ ਤੇ ਅੰਦਰ ਖੜ੍ਹੀ ਇਨੋਵਾ ਕਾਰ ਨੂੰ ਨੁਕਸਾਨ ਹੋਇਆ ਸੀ | ਇਸ ਸੰਬੰਧੀ ਜਲੰਧਰ ਦੇ ਥਾਣਾ ਡਵੀਜ਼ਨ ਨੰ. 3 ਵਿਚ ਮਾਮਲਾ ਦਰਜ ਕੀਤਾ ਗਿਆ ਸੀ | ਮਾਮਲੇ ਦੀ ਸ਼ੁਰੂਆਤੀ ਜਾਂਚ ਪੰਜਾਬ ਪੁਲਿਸ ਵਲੋਂ ਕੀਤੀ ਗਈ ਸੀ, ਜਿਸ ਦੌਰਾਨ ਛੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ ਅਤੇ ਬਾਅਦ ਵਿਚ ਐੱਨ. ਆਈ. ਏ. ਨੇ ਕੇਸ ਨੂੰ ਆਪਣੇ ਹੱਥ ਵਿਚ ਲੈ ਕੇ ਜਾਂਚ ਉਪਰੰਤ ਸਈਦੁਲ ਅਮੀਨ, ਅਭੀਜੋਤ ਜਾਂਗੜਾ, ਕੁਲਬੀਰ ਸਿੰਘ ਸਿੱਧੂ ਅਤੇ ਮਨੀਸ਼ ਉਰਫ਼ ਕਾਕਾ ਰਾਣਾ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਸੀ | ਉੱਧਰ ਸਤੀਸ਼ ਕੁਮਾਰ ਉਰਫ਼ ਲੱਕੀ ਅਤੇ ਹੈਰੀ ਖ਼ਿਲਾਫ਼ ਜਾਂਚ ਦੌਰਾਨ ਕੋਈ ਪੱਕਾ ਸਬੂਤ ਨਾ ਮਿਲਣ ਕਾਰਨ ਐੱਨ. ਆਈ. ਏ. ਵਲੋਂ ਉਨ੍ਹਾਂ ਸੰਬੰਧੀ ਕਲੋਜ਼ਰ ਰਿਪੋਰਟ ਪੇਸ਼ ਕੀਤੀ ਗਈ ਸੀ, ਜਿਸ ਨੂੰ ਅਦਾਲਤ ਵਲੋਂ ਮਨਜ਼ੂਰ ਕਰ ਲਿਆ ਗਿਆ ਸੀ | ਦੋਵਾਂ ਮੁਲਜ਼ਮਾਂ ਨੂੰ ਜਲੰਧਰ ਤੋਂ 8 ਅਪ੍ਰੈਲ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ ਅਤੇ ਉਹ ਕਪੂਰਥਲਾ ਜ਼ੇਲ੍ਹ ਵਿਚ ਨਿਆਇਕ ਹਿਰਾਸਤ ਤਹਿਤ ਬੰਦ ਸਨ | ਅਦਾਲਤ ਨੇ ਕਲੋਜ਼ਰ ਰਿਪੋਰਟ ਦੇ ਆਧਾਰ 'ਤੇ ਉਨ੍ਹਾਂ ਦੀ ਰਿਹਾਈ ਦੇ ਵਾਰੰਟ ਜਾਰੀ ਕਰ ਦਿੱਤੇ ਸਨ | ਐੱਨ. ਆਈ. ਏ. ਵਲੋਂ ਇਸ ਮਾਮਲੇ ਵਿਚ ਯੂ. ਏ. ਪੀ. ਏ. ਐਕਟ ਦੀ ਧਾਰਾ 16, 17, 18, 18 (ਬੀ), 19, 20, 38 ਤੇ 39 ਦੇ ਤਹਿਤ ਕਾਰਵਾਈ ਕੀਤੀ ਗਈ ਸੀ, ਜਦਕਿ ਵਿਸਫੋਟਕ ਪਦਾਰਥ ਐਕਟ ਦੀ ਧਾਰਾ 3, 4, 5 ਤੇ 6 ਵੀ ਮਾਮਲੇ 'ਚ ਜੋੜੀਆਂ ਗਈਆਂ ਸਨ | ਇਸ ਤੋਂ ਇਲਾਵਾ ਗਵਾਹਾਂ ਦੀ ਸੁਰੱਖਿਆ ਲਈ ਐਨ. ਆਈ. ਏ. ਵਲੋਂ ਅਦਾਲਤ ਵਿਚ ਇਕ ਅਰਜ਼ੀ ਪੇਸ਼ ਕੀਤੀ ਗਈ ਸੀ, ਜਿਸ 'ਤੇ ਅਗਲੀ ਸੁਣਵਾਈ ਮੁੱਖ ਮਾਮਲੇ ਸਮੇਤ 23 ਅਕਤੂਬਰ ਨੂੰ ਹੋਵੇਗੀ | ਹਾਲਾਂਕਿ ਐਨ. ਆਈ. ਏ. ਦੇ ਵਿਸ਼ੇਸ਼ ਜੱਜ ਦਾ ਤਬਾਦਲਾ ਹੋਣ ਕਰਕੇ ਇਹ ਮਾਮਲਾ ਨਵ-ਨਿਯੁਕਤ ਵਿਸ਼ੇਸ਼ ਜੱਜ ਦਿਨੇਸ਼ ਕੁਮਾਰ ਵਧਵਾ ਦੀ ਅਦਾਲਤ 'ਚ ਰੱਖਿਆ ਜਾਵੇਗਾ |

ਪਿਛਲੀ ਖ਼ਬਰ ਪੁਲਿਸ ਨੂੰ ਨਸ਼ੇ ਦੀ ਹਾਲਤ 'ਚ ਮਿਲੇ 4 ਨੌਜਵਾਨ <br/> ਅਗਲੀ ਖ਼ਬਰ ਕੇਂਦਰ ਸਰਕਾਰ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰੇ- ਲੱਖੋਵਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।