ਐੱਸ. ਏ. ਐੱਸ. ਨਗਰ, 22 ਅਕਤੂਬਰ (ਕਪਿਲ ਵਧਵਾ)-ਮੁਹਾਲੀ ਪੁਲਿਸ ਵਲੋਂ ਨਸ਼ੇ ਦੀ ਹਾਲਤ 'ਚ ਮਿਲੇ ਚਾਰ ਨੌਜਵਾਨਾਂ ਵਿਰੁੱਧ ਐਨ. ਡੀ. ਪੀ. ਐਸ. ਐਕਟ ਦੀ ਧਾਰਾ 27 ਤਹਿਤ ਕਾਰਵਾਈ ਕੀਤੀ ਗਈ ਹੈ | ਦੋ ਵੱਖ-ਵੱਖ ਮਾਮਲਿਆਂ 'ਚ ਪੁਲਿਸ ਨੇ ਇਹ ਕਾਰਵਾਈ ਉਸ ਵੇਲੇ ਕੀਤੀ ਜਦੋਂ ਨੌਜਵਾਨਾਂ ਦਾ ਡੋਪ ਟੈਸਟ ਪਾਜ਼ਟਿਵ ਆਇਆ | ਪਹਿਲਾ ਮਾਮਲਾ ਆਈ. ਟੀ. ਸਿਟੀ ਥਾਣਾ ਖੇਤਰ ਨਾਲ ਸੰਬੰਧਤ ਹੈ | ਪੁਲਿਸ ਮੁਤਾਬਕ ਮੁਲਾਜ਼ਮ ਨਵਦੀਪ ਸਿੰਘ ਆਪਣੀ ਟੀਮ ਸਮੇਤ ਗਸ਼ਤ 'ਤੇ ਸੀ ਅਤੇ ਇਸੇ ਦੌਰਾਨ ਮੁਹਾਲੀ ਸਿਟੀ ਸੈਂਟਰ ਨੇੜੇ ਦੋ ਨੌਜਵਾਨ ਸਿਧਾਰਥ ਸ਼ਰਮਾ ਤੇ ਜਤਿਨ ਕਟੋਚ ਸ਼ੱਕੀ ਹਾਲਤ ਵਿਚ ਘੁੰਮਦੇ ਦਿਖਾਈ ਦਿੱਤੇ | ਪੁਲਿਸ ਨੂੰ ਸ਼ੱਕ ਹੋਣ 'ਤੇ ਜਦੋਂ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ ਤਾਂ ਦੋਵਾਂ ਨੌਜਵਾਨਾਂ ਦਾ ਨਸ਼ਾ ਕੀਤਾ ਹੋਇਆ ਪ੍ਰਤੀਤ ਹੋਇਆ | ਪੁੱਛਗਿੱਛ ਉਪਰੰਤ ਜਦੋਂ ਦੋਵਾਂ ਦਾ ਡੋਪ ਟੈਸਟ ਕਰਵਾਇਆ ਗਿਆ ਤਾਂ ਉਹ ਪਾਜ਼ਟਿਵ ਆਇਆ | ਇਸ 'ਤੇ ਪੁਲਿਸ ਨੇ ਉਨ੍ਹਾਂ ਵਿਰੁੱਧ ਐਨ. ਡੀ. ਪੀ. ਐਸ. ਐਕਟ ਦੀ ਧਾਰਾ 27 ਅਧੀਨ ਮਾਮਲਾ ਦਰਜ ਕਰ ਲਿਆ | ਦੋਵੇਂ ਨੌਜਵਾਨ ਜ਼ੀਰਕਪੁਰ ਵਿਖੇ ਕਿਰਾਏ 'ਤੇ ਰਹਿੰਦੇ ਹਨ | ਦੂਜਾ ਮਾਮਲਾ ਥਾਣਾ ਫੇਜ਼-1 ਅਧੀਨ ਪੈਂਦੇ ਖੇਤਰ ਨਾਲ ਸੰਬੰਧਤ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਏ. ਐਸ. ਆਈ. ਦਵਿੰਦਰ ਸਿੰਘ ਨੇ ਆਪਣੀ ਟੀਮ ਸਮੇਤ ਵਿਸ਼ੇਸ਼ ਚੈਕਿੰਗ ਮੁਹਿੰਮ ਦੌਰਾਨ ਖੇਤਰ ਦੇ ਇਕ ਹੋਟਲ 'ਚ ਛਾਪਾ ਮਾਰਿਆ | ਚੈਕਿੰਗ ਦੌਰਾਨ ਇਕ ਕਮਰੇ 'ਚ ਦੋ ਨੌਜਵਾਨ ਮਨਦੀਪ ਸਿੰਘ ਤੇ ਅਮਰਦੀਪ ਬਿਸਤਰੇ 'ਤੇ ਪਏ ਹੋਏ ਮਿਲੇ | ਦੋਵਾਂ ਨੂੰ ਉਠਾਉਣ 'ਤੇ ਉਹ ਸਹੀ ਤਰੀਕੇ ਨਾਲ ਖੜ੍ਹੇ ਵੀ ਨਹੀਂ ਹੋ ਸਕੇ ਕਿਉਂਕਿ ਉਨ੍ਹਾਂ ਵਲੋਂ ਕੋਈ ਨਸ਼ਾ ਕੀਤਾ ਹੋਇਆ ਸੀ | ਪੁਲਿਸ ਨੂੰ ਤਲਾਸ਼ੀ ਦੌਰਾਨ ਉਨ੍ਹਾਂ ਤੋਂ ਕੋਈ ਨਸ਼ੀਲਾ ਪਦਾਰਥ ਜਾਂ ਸ਼ੱਕੀ ਚੀਜ਼ ਨਹੀਂ ਮਿਲੀ | ਇਸ ਤੋਂ ਬਾਅਦ ਡੋਪ ਟੈਸਟ ਕਰਵਾਉਣ 'ਤੇ ਦੋਵੇਂ ਦੇ ਸੈਂਪਲ ਪਾਜ਼ਟਿਵ ਆਏ ਅਤੇ ਇਸ ਦੇ ਚਲਦਿਆਂ ਪੁਲਿਸ ਨੇ ਦੋਵਾਂ ਵਿਰੁੱਧ ਐਨ. ਡੀ. ਪੀ. ਐਸ. ਐਕਟ ਦੀ ਧਾਰਾ 27 ਤਹਿਤ ਕਾਰਵਾਈ ਅਮਲ 'ਚ ਲਿਆਂਦੀ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਨੌਜਵਾਨਾਂ ਨੇ ਨਸ਼ਾ ਕਿਥੋਂ ਪ੍ਰਾਪਤ ਕੀਤਾ ਸੀ ਤੇ ਇਸ ਦੇ ਪਿੱਛੇ ਕੋਈ ਸਪਲਾਇਰ ਜਾਂ ਕੋਈ ਗਰੋਹ ਤਾਂ ਕੰਮ ਨਹੀਂ ਕਰ ਰਿਹਾ |