18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਪਿੰਡ ਕਕਰਾਲੀ ਵਿਖੇ ਨਾਜਾਇਜ਼ ਮਾਈਨਿੰਗ ਰੋਕਣ ਗਏ ਦੋ ਵਿਅਕਤੀਆਂ 'ਤੇ ਹਮਲਾ <br/>

ਅਜੀਤ ਡੈਸਕ 23-10-2025
ਡੇਰਾਬੱਸੀ, 22 ਅਕਤੂਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਹਲਕੇ ਦੇ ਪਿੰਡ ਕਕਰਾਲੀ ਵਿਖੇ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਮਾਈਨਿੰਗ ਰੋਕਣ ਗਏ ਦੋ ਵਿਅਕਤੀਆਂ 'ਤੇ ਰਾਤ ਵੇਲੇ ਹਮਲਾ ਕਰ ਦਿੱਤਾ ਗਿਆ | ਹਮਲੇ 'ਚ ਚਾਚਾ-ਭਤੀਜਾ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਦਾ ਇਲਾਜ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਖੇ ਚੱਲ ਰਿਹਾ ਹੈ | ਇਹ ਘਟਨਾ ਖੇਤਰ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਹਾਸਿਲ ਜਾਣਕਾਰੀ ਅਨੁਸਾਰ ਪਿੰਡ ਕਕਰਾਲੀ ਦੇ ਵਸਨੀਕ ਖੁਸ਼ੀ ਰਾਮ (55) ਪੁੱਤਰ ਬਚਨ ਸਿੰਘ ਅਤੇ ਉਸ ਦਾ ਭਤੀਜਾ ਗੁਰਚਰਨ ਸਿੰਘ (35) ਪੁੱਤਰ ਸੁਲਿੰਦਰ ਸਿੰਘ ਆਪਣੀ ਜ਼ਮੀਨ 'ਚ ਨਾਜਾਇਜ਼ ਮਾਈਨਿੰਗ ਰੋਕਣ ਗਏ ਸਨ | ਇਸ ਦੌਰਾਨ ਮਾਈਨਿੰਗ ਕਰ ਰਹੇ ਲੋਕਾਂ ਨੇ ਦੋਵਾਂ 'ਤੇ ਹਮਲਾ ਕਰ ਦਿੱਤਾ ਅਤੇ ਟਰੈਕਟਰ ਨਾਲ ਕੁਚਲਣ ਦੀ ਵੀ ਕੋਸ਼ਿਸ਼ ਕੀਤੀ | ਹਮਲੇ 'ਚ ਖੁਸ਼ੀ ਰਾਮ ਦੇ ਸਿਰ 'ਚ ਟਾਂਕੇ ਲੱਗੇ ਹਨ, ਜਦਕਿ ਗੁਰਚਰਨ ਸਿੰਘ ਨੂੰ ਗੰਭੀਰ ਸੱਟਾਂ ਆਈਆਂ ਹਨ | ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਜ਼ਖ਼ਮੀਆਂ ਨੇ ਦੱਸਿਆ ਕਿ ਪਿੰਡ ਕਕਰਾਲੀ ਦੀ ਘੱਗਰ ਨਦੀ ਇਲਾਕੇ 'ਚ ਰੋਜ਼ਾਨਾ ਰਾਤ ਨੂੰ 100 ਦੇ ਕਰੀਬ ਟਰੈਕਟਰ-ਟਰਾਲੀਆਂ ਨਾਜਾਇਜ਼ ਤੌਰ 'ਤੇ ਮਾਈਨਿੰਗ ਕਰਦੀਆਂ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਲਾਲੜੂ ਵਿਖੇ ਨਾਜਾਇਜ਼ ਮਾਈਨਿੰਗ ਰੋਕਣ ਦੌਰਾਨ ਪਹਿਲਾਂ ਵੀ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ, ਪਰ ਪ੍ਰਸ਼ਾਸਨ ਅਜੇ ਤੱਕ ਜਾਗਿਆ ਨਹੀਂ | ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਕਰਾਲੀ ਅਤੇ ਆਸ-ਪਾਸ ਦੇ ਇਲਾਕਿਆਂ 'ਚ ਚੱਲ ਰਹੀ ਨਾਜਾਇਜ਼ ਮਾਈਨਿੰਗ ਨੂੰ ਤੁਰੰਤ ਬੰਦ ਕਰਵਾਇਆ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਉਧਰ ਦੂਜੀ ਧਿਰ ਦੇ ਵੀ ਦੋ ਵਿਅਕਤੀਆਂ ਦੇ ਹਸਪਤਾਲ 'ਚ ਦਾਖ਼ਲ ਹੋਣ ਦੀ ਸੂਚਨਾ ਮਿਲੀ ਹੈ, ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ | ਉੱਧਰ ਡੀ. ਸੀ. ਕੋਮਲ ਮਿੱਤਲ ਨੇ ਕਿਹਾ ਕਿ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਟੀਮ ਮੌਕੇ 'ਤੇ ਭੇਜੀ ਜਾ ਰਹੀ ਹੈ ਅਤੇ ਕਿਸੇ ਨੂੰ ਵੀ ਨਾਜਾਇਜ਼ ਮਾਈਨਿੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ | ਉਨ੍ਹਾਂ ਭਰੋਸਾ ਦਿੱਤਾ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਜ਼ੀਰਕਪੁਰ 'ਚ ਸਾਹ ਲੈਣਾ ਹੋਇਆ ਔਖਾ, ਏ. ਕਿਊ. ਆਈ. 983 'ਤੇ ਪਹੁੰਚਿਆ <br/> ਅਗਲੀ ਖ਼ਬਰ ਚੋਰੀ ਦੇ ਛੇ ਮੋਟਰਸਾਈਕਲਾਂ ਸਮੇਤ ਇਕ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।