ਚੰਡੀਗੜ੍ਹ, 23 ਅਕਤੂਬਰ (ਰਾਮ ਸਿੰਘ ਬਰਾੜ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਪੰਚਕੂਲਾ ਸ਼ਹਿਰ ਨੂੰ ਕੌਸ਼ਲਿਆ ਡੈਮ ਤੋਂ ਪੇਯਜਲ ਸਪਲਾਈ ਯਕੀਨੀ ਕਰਨ ਲਈ ਨੁਕਸਾਨ ਵਾਟਰ ਪਾਈਪਲਾਈਨ ਦੀ ਮੁਰੰਮਤ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇ | ਉਨ੍ਹਾਂ ਨੇ ਕਿਹਾ ਕਿ ਇਸ ਕੰਮ ਨੂੰ ਪ੍ਰਾਥਮਿਕਤਾ ਦੇ ਆਧਾਰ 'ਤੇ ਪੂਰਾ ਕੀਤਾ ਜਾਵੇ ਤਾਂ ਜੋ ਪੰਚਕੂਲਾ ਦੇ ਵੱਖ-ਵੱਖ ਸੈਕਟਰਾਂ ਵਿਚ ਪਹਿਲਾਂ ਦੀ ਤਰ੍ਹਾਂ ਟਿਊਬਵੈਲ ਦੀ ਥਾਂ ਡੈਮ ਤੋਂ ਪੇਯਜਲ ਸਪਲਾਈ ਬਹਾਲ ਕੀਤੀ ਜਾ ਸਕੇ | ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਅਥਾਰਿਟੀ ਪਿੰਜੌਰ-ਕਾਲਕਾ ਖੇਤਰ ਵਿਚ ਸਵੱਛ ਪਾਣੀ ਦੇ ਭੰਡਾਰਨ ਤਹਿਤ 10.12 ਏਕੜ ਭੂਮੀ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਨੂੰ ਉਪਲਬਧ ਕਰਵਾਉਣ ਤਾਂ ਜੋ ਇਹ ਵਿਵਸਥਾ ਹੋਣ ਨਾਲ ਪਿੰਜੌਰ-ਕਾਲਕਾ ਖੇਤਰਾਂ ਵਿਚ ਵੀ ਕੌਸ਼ਲਿਆ ਡੈਮ ਤੋਂ ਸਾਫ਼ ਪੇਯਜਲ ਸਪਲਾਈ ਜਲਦ ਸ਼ੁਰੂ ਕੀਤੀ ਜਾ ਸਕੇ | ਮੁੱਖ ਮੰਤਰੀ ਨੇ ਕੌਸ਼ਲਿਆ ਡੈਮ ਦੀ ਜਲ ਸਟੋਰੇਜ ਸਮਰੱਥਾ ਵਧਾਉਣ ਦੀ ਦਿਸ਼ਾ ਵਿਚ ਸਿੰਚਾਈ ਵਿਭਾਗ ਨੂੰ ਕਾਰਜ ਯੋਜਨਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ | ਇਹ ਵੀ ਕਿਹਾ ਕਿ ਗੰਦਾ ਪਾਣੀ ਕਿਸੇ ਵੀ ਸਥਿਤੀ ਵਿਚ ਡੈਮ ਤੱਕ ਨਾ ਪਹੁੰਚੇ, ਇਸ ਦੇ ਲਈ ਵੀ ਵਿਭਾਗ ਵੱਲੋਂ ਹੋਰ ਸਬੰਧਿਤ ਵਿਭਾਗਾਂ ਨਾਲ ਤਾਲਮੇਲ ਕਰ ਪ੍ਰਭਾਵੀ ਕਦਮ ਚੁੱਕੇ ਜਾਣ | ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਪੰਚਕੂਲਾ ਦੇ ਕੌਸ਼ਲਿਆ ਡੈਮ, ਸਿਰਸਾ ਦੇ ਓਟੂ ਹੈਡ ਤੇ ਯਮੁਨਾਨਗਰ ਸਥਿਤ ਹੱਥਨੀਕੁੰਡ ਬੈਰਾਜ ਦੀ ਸਥਿਤੀ ਦੀ ਸਮੀਖਿਆ ਕੀਤੀ ਅਤੇ ਮਾਹਰਾਂ ਦੇ ਪਲਾਂਟ ਪੈਨਲ ਵੱਲੋਂ ਬੰਨ੍ਹਾਂ ਦੇ ਮੁਲਾਂਕਨ ਦੇ ਨਿਰਦੇਸ਼ ਦਿੱਤੇ ਤਾਂ ਜੋ ਇੰਨ੍ਹਾਂ ਬੰਨ੍ਹਾਂ ਦੀ ਮਜ਼ਬੂਤੀ ਅਤੇ ਸੁਰੱਖਿਆ ਯਕੀਨੀ ਕੀਤੀ ਜਾ ਸਕੇ | ਮੀਟਿੰਗ ਵਿਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੇ ਮੁੱਖ ਪ੍ਰਸ਼ਾਸਕ ਡਾ. ਚੰਦਰਸ਼ੇਖਰ ਖਰੇ, ਮੁੱਖ ਮੰਤਰੀ ਦੇ ਓ.ਐਸ.ਡੀ ਰਾਕੇਸ਼ ਸੰਧੂ, ਸਿੰਚਾਈ ਅਤੇ ਜਲ ਸੰਸਾਧਨ ਵਿਭਾਗ ਦੇ ਮੁੱਖ ਇੰਜੀਨੀਅਰ ਸਤਬੀਰ ਸਿੰਘ ਕਦਿਆਨ, ਰਾਕੇਸ਼ ਚੌਹਾਨ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ |