ਐੱਸ. ਏ. ਐੱਸ. ਨਗਰ, 23 ਅਕਤੂਬਰ (ਕਪਿਲ ਵਧਵਾ)-ਥਾਣਾ ਸੋਹਾਣਾ ਦੀ ਪੁਲਿਸ ਵਲੋਂ ਵੱਡੀ ਕਾਰਵਾਈ ਦੌਰਾਨ 5 ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਇਕ .315 ਬੋਰ ਦਾ ਦੇਸੀ ਕੱਟਾ ਤੇ 12 ਕਾਰਤੂਸ ਬਰਾਮਦ ਕੀਤੇ ਗਏ ਹਨ | ਪੁਲਿਸ ਮੁਤਾਬਕ ਕਾਬੂ ਨੌਜਵਾਨਾਂ ਦੀ ਪਛਾਣ ਛੋਟੀ ਹਵੇਲੀ ਦੇ ਰਹਿਣ ਵਾਲੇ ਅਮਰ ਸਿੰਘ, ਯੂ. ਪੀ. ਦੇ ਬਿਜਨੌਰ ਦੇ ਰਹਿਣ ਵਾਲੇ ਮੁਹੰਮਦ ਸ਼ਕੀਲ, ਹਰਿਆਣਾ ਦੇ ਪਿੰਡ ਚੀਕਾ ਦੇ ਰਹਿਣ ਵਾਲੇ ਹਰਸ਼ ਸ਼ਰਮਾ, ਰੂਪਨਗਰ ਦੇ ਨੂਰਪੁਰ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਤੇ ਸੰਗਰੂਰ ਦੇ ਰਹਿਣ ਵਾਲੇ ਪਰਮਜੀਤ ਸਿੰਘ ਵਜੋਂ ਹੋਈ ਹੈ | ਪੁਲਿਸ ਨੇ ਸਾਰੇ ਮੁਲਜ਼ਮਾਂ ਵਿਰੁੱਧ ਅਸਲ੍ਹਾ ਐਕਟ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ | ਰਿਮਾਂਡ ਦੌਰਾਨ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਮੁਲਜ਼ਮ ਅਸਲ੍ਹਾ ਕਿਥੋਂ ਲੈ ਕੇ ਆਏ ਸਨ ਤੇ ਇਸ ਨੂੰ ਨਾਲ ਰੱਖਣ ਦਾ ਉਨ੍ਹਾਂ ਦਾ ਕੀ ਉਦੇਸ਼ ਸੀ | ਇਸ ਤੋਂ ਇਲਾਵਾ ਪੁਲਿਸ ਮੁਲਜ਼ਮਾਂ ਦੇ ਸੰਪਰਕ ਤੇ ਸੰਭਾਵਿਤ ਵਾਰਦਾਤਾਂ ਬਾਰੇ ਵੀ ਪਤਾ ਲਗਾ ਰਹੀ ਹੈ | ਇਸ ਮਾਮਲੇ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਥਾਣਾ ਸੋਹਾਣਾ ਦੇ ਇੰਚਾਰਜ ਅਮਨਦੀਪ ਸਿੰਘ ਦੀ ਦੇਖ-ਰੇਖ ਹੇਠ ਪੁਲਿਸ ਟੀਮ ਨੂੰ ਸੂਚਨਾ ਮਿਲੀ ਸੀ ਕਿ ਕੁਝ ਨੌਜਵਾਨ ਹਥਿਆਰਾਂ ਦੇ ਜ਼ੋਰ 'ਤੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿਚ ਹਨ | ਇਸ ਜਾਣਕਾਰੀ ਦੇ ਆਧਾਰ 'ਤੇ ਪੁਲਿਸ ਟੀਮ ਨੇ ਚੈਕਿੰਗ ਦੌਰਾਨ ਪਿੰਡ ਸੁੱਖਗੜ੍ਹ ਨੇੜਿਓਾ ਮੁਲਜ਼ਮਾਂ ਨੂੰ ਕਾਬੂ ਕਰ ਲਿਆ | ਡੀ. ਐੱਸ. ਪੀ. ਨੇ ਕਿਹਾ ਕਿ ਪੁਲਿਸ ਰਿਮਾਂਡ ਦੌਰਾਨ ਪੁੱਛਗਿੱਛ ਵਿਚ ਮੁਲਜ਼ਮਾਂ ਤੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ | ਇਸ ਤੋਂ ਪਹਿਲਾਂ ਥਾਣਾ ਆਈ. ਟੀ. ਸਿਟੀ ਦੀ ਪੁਲਿਸ ਨੇ ਇਕ ਨੌਜਵਾਨ ਨੂੰ .315 ਬੋਰ ਦੇ ਦੇਸੀ ਕੱਟੇ ਤੇ ਦੋ ਜਿੰਦਾ ਕਾਰਤੂਸਾਂ ਸਮੇਤ ਗਿ੍ਫ਼ਤਾਰ ਕੀਤਾ ਸੀ | ਇਸ ਮੁਲਜ਼ਮ ਦੀ ਪਛਾਣ ਉੱਤਰ ਪ੍ਰਦੇਸ਼ ਦੇ ਹਰਦੋਈ ਦੇ ਰਹਿਣ ਵਾਲੇ ਸੂਰਜ ਵਜੋਂ ਹੋਈ ਸੀ, ਜਿਸ ਨੂੰ ਪੁੱਛਗਿੱਛ ਉਪਰੰਤ ਨਿਆਇਕ ਹਿਰਾਸਤ ਤਹਿਤ 20 ਅਕਤੂਬਰ ਨੂੰ ਅਦਾਲਤ ਵਲੋਂ ਜੇਲ੍ਹ ਭੇਜ ਦਿੱਤਾ ਗਿਆ ਸੀ |