ਜ਼ੀਰਕਪੁਰ, 23 ਅਕਤੂਬਰ (ਮਨਿੰਦਰ ਸਿੰਘ)-ਦੀਵਾਲੀ ਦੀ ਰਾਤ ਨੂੰ ਬਲਟਾਣਾ ਖੇਤਰ ਵਿਚ ਪੈਂਦੀ ਰਵਿੰਦਰ ਇਨਕਲੇਵ ਫੇਜ਼-2 'ਚ ਘਰ ਦੇ ਸਾਹਮਣੇ ਹੰਗਾਮਾ ਕਰਨ ਤੋਂ ਰੋਕਣ 'ਤੇ ਕੁਝ ਹਮਲਾਵਰਾਂ ਨੇ ਘਰ 'ਚ ਦਾਖ਼ਲ ਹੋ ਕੇ ਇਕ ਪਰਿਵਾਰ 'ਤੇ ਹਮਲਾ ਕਰ ਦਿੱਤਾ | ਇਸ ਹਮਲੇ ਵਿਚ ਪਰਿਵਾਰ ਦੇ ਤਿੰਨ ਮੈਂਬਰ ਜ਼ਖ਼ਮੀ ਹੋ ਗਏ | ਹਮਲਾਵਰਾਂ ਨੇ ਜਾਂਦੇ ਸਮੇਂ ਘਰ ਤੇ ਬਾਹਰ ਖੜੇ੍ਹ ਵਾਹਨਾਂ ਦੀ ਵੀ ਭੰਨ-ਤੋੜ ਕੀਤੀ | ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹਮਲੇ ਦੀ ਇਹ ਘਟਨਾ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਗਈ | ਜਾਣਕਾਰੀ ਅਨੁਸਾਰ ਦੀਵਾਲੀ ਦੀ ਰਾਤ ਮੋਟਰਸਾਈਕਲ ਸਵਾਰ ਕੁਝ ਨੌਜਵਾਨ ਗਲੀ ਵਿਚ ਹੰਗਾਮਾ ਕਰ ਰਹੇ ਸਨ | ਇਸੇ ਦੌਰਾਨ ਉੱਥੇ ਰਹਿਣ ਵਾਲੇ ਸ਼ੁਕਲਾ ਪਰਿਵਾਰ ਨੇ ਨੌਜਵਾਨਾਂ ਨੂੰ ਹੰਗਾਮਾ ਕਰਨ ਤੋਂ ਰੋਕ ਦਿੱਤੀ, ਜਿਸ ਤੋਂ ਥੋੜ੍ਹੀ ਦੇਰ ਬਾਅਦ ਡੰਡਿਆਂ ਨਾਲ ਲੈਸ 5 ਤੋਂ 7 ਨੌਜਵਾਨ ਘਰ ਵਿਚ ਦਾਖ਼ਲ ਹੋ ਗਏ ਤੇ ਪਰਿਵਾਰ 'ਤੇ ਹਮਲਾ ਕਰ ਦਿੱਤਾ | ਇਸ ਹਮਲੇ ਵਿਚ ਪਰਿਵਾਰਕ ਮੈਂਬਰ ਪਿਊਸ਼ ਸ਼ੁਕਲਾ, ਆਕਾਸ਼ ਸ਼ੁਕਲਾ ਤੇ ਸਰਿਤਾ ਸ਼ੁਕਲਾ ਜ਼ਖਮੀ ਹੋ ਗਏ | ਜ਼ਖ਼ਮੀਆਂ ਨੂੰ ਇਲਾਜ ਲਈ ਸੀ. ਐੱਚ. ਸੀ. ਢਕੌਲੀ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੋਂ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਚੰਡੀਗੜ੍ਹ ਦੇ ਸੈਕਟਰ-32 ਦੇ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ | ਪੁਲਿਸ ਸੀ. ਸੀ. ਟੀ. ਵੀ. ਫੁਟੇਜ਼ ਤੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕਰ ਰਹੀ ਹੈ | ਮਾਮਲੇ ਸੰਬੰਧੀ ਪੜਤਾਲੀਆ ਅਫ਼ਸਰ ਸੁਲੱਖਣ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬਿਆਨਾਂ ਦੇ ਆਧਾਰ 'ਤੇ ਹੀ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |