ਐੱਸ. ਏ. ਐੱਸ. ਨਗਰ, 23 ਅਕਤੂਬਰ (ਕਪਿਲ ਵਧਵਾ)-ਮੁਹਾਲੀ ਦੇ ਸੈਕਟਰ-69 ਸਥਿਤ ਇਕ ਪ੍ਰਾਈਵੇਟ ਕਲੀਨਿਕ ਵਿਚ ਮਰੀਜ਼ ਦੇ ਪਤੀ ਵਲੋਂ ਮਹਿਲਾ ਡਾਕਟਰ ਨਾਲ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਮਹਿਲਾ ਡਾਕਟਰ ਨੇ ਥਾਣਾ ਫੇਜ਼-8 ਮੁਹਾਲੀ ਵਿਖੇ ਸੈਕਟਰ-71 ਦੇ ਰਹਿਣ ਵਾਲੇ ਸਵਰਨਦੀਪ ਸਿੰਘ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ | ਸ਼ਿਕਾਇਤ ਅਨੁਸਾਰ 18 ਅਕਤੂਬਰ ਨੂੰ ਸਵਰਨਦੀਪ ਸਿੰਘ ਆਪਣੀ ਪਤਨੀ ਸਮੇਤ ਕੰਸਲਟੇਸ਼ਨ ਲਈ ਕਲੀਨਿਕ ਵਿਚ ਆਇਆ ਸੀ | ਮਹਿਲਾ ਡਾਕਟਰ ਨੇ ਦੋਵਾਂ ਨੂੰ ਪਹਿਲਾਂ ਦੀਆਂ ਰਿਪੋਰਟਾਂ ਡਾਊਨਲੋਡ ਕਰਕੇ ਵਾਪਸ ਆਉਣ ਲਈ ਕਿਹਾ ਸੀ | ਕੁਝ ਸਮੇਂ ਬਾਅਦ ਜਦੋਂ ਦੋਵੇਂ ਦੁਬਾਰਾ ਕਮਰੇ ਵਿਚ ਦਾਖ਼ਲ ਹੋਏ ਤਾਂ ਉਸ ਸਮੇਂ ਡਾਕਟਰ ਹੋਰ ਮਰੀਜ਼ ਦੀ ਜਾਂਚ ਕਰ ਰਹੀ ਸੀ | ਡਾਕਟਰ ਵਲੋਂ ਉਕਤ ਜੋੜੇ ਨੂੰ ਉਡੀਕ ਕਰਨ ਦੀ ਬੇਨਤੀ ਕਰਨ 'ਤੇ ਸਵਰਨਦੀਪ ਸਿੰਘ ਨੇ ਰੌਲਾ ਪਾਉਣਾ ਤੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਡਾਕਟਰ ਨਾਲ ਹੱਥੋਂਪਾਈ ਕਰਨ ਦੀ ਵੀ ਕੋਸ਼ਿਸ਼ ਕੀਤੀ | ਜਦੋਂ ਕਲੀਨਿਕ ਦੇ ਹੋਰ ਸਟਾਫ਼ ਮੈਂਬਰ ਤੇ ਮਰੀਜ਼ ਮਹਿਲਾ ਡਾਕਟਰ ਦੀ ਮੱਦਦ ਲਈ ਅੱਗੇ ਆਏ ਤਾਂ ਉਸ ਨੇ ਉਨ੍ਹਾਂ ਨਾਲ ਵੀ ਬਦਤਮੀਜ਼ੀ ਕੀਤੀ | ਮਹਿਲਾ ਡਾਕਟਰ ਨੇ ਕਿਹਾ ਕਿ ਇਸ ਤਰ੍ਹਾਂ ਦਾ ਵਿਵਹਾਰ ਬਿਲਕੁੱਲ ਵੀ ਸਹਿਣਯੋਗ ਨਹੀਂ ਅਤੇ ਇਸ ਬਾਰੇ ਸਖ਼ਤ ਕਾਰਵਾਈ ਕੀਤੀ ਜਾਵੇ | ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਸਵਰਨਦੀਪ ਸਿੰਘ ਵਿਰੁੱਧ ਮੈਡੀਕੇਅਰ ਸੇਵਾ ਵਿਅਕਤੀ ਅਤੇ ਮੈਡੀਕੇਅਰ ਸੇਵਾ ਸੰਸਥਾਵਾਂ (ਹਿੰਸਾ ਅਤੇ ਜਾਇਦਾਦ ਨੂੰ ਨੁਕਸਾਨ ਦੀ ਰੋਕਥਾਮ) ਐਕਟ 2008 ਅਧੀਨ ਮਾਮਲਾ ਦਰਜ ਕਰ ਲਿਆ ਹੈ | ਸ਼ਿਕਾਇਤਕਰਤਾ ਨੇ ਦੱਸਿਆ ਕਿ ਅਜਿਹਾ ਉਨ੍ਹਾਂ ਨਾਲ ਪਹਿਲੀ ਵਾਰ ਹੋਇਆ ਹੈ ਕਿਉਂਕਿ ਇਹ ਮਰੀਜ਼ ਉਨ੍ਹਾਂ ਦੇ ਕਲੀਨਿਕ ਵਿਚ ਪਹਿਲੀ ਵਾਰ ਆਏ ਸਨ | ਮਰੀਜ਼ ਨੇ ਡਾਕਟਰ ਨੂੰ ਦੱਸਿਆ ਸੀ ਕਿ ਉਹ ਇਲਾਜ ਕਰਵਾਉਣ ਲਈ ਹੀ ਕੁਝ ਸਮੇਂ ਵਾਸਤੇ ਵਿਦੇਸ਼ ਤੋਂ ਇਥੇ ਆਏ ਹਨ | ਪੁਲਿਸ ਵਲੋਂ ਕਲੀਨਿਕ ਦੀ ਸੀ. ਸੀ. ਟੀ. ਵੀ. ਫੁਟੇਜ਼ ਬਰਾਮਦ ਕਰਨੀ ਹਾਲੇ ਬਾਕੀ ਹੈ | ਫ਼ਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |