ਖਰੜ, 4 ਨਵੰਬਰ (ਜੰਡਪੁਰੀ)-ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਅੱਜ ਖਰੜ ਸ਼ਹਿਰ ਤੇ ਨੇੜਲੇ ਪਿੰਡਾਂ 'ਚ ਨਗਰ ਕੀਰਤਨ ਸਜਾਏ ਗਏ | ਇਸੇ ਲੜੀ ਤਹਿਤ ਡੇਰਾ ਬਾਬਾ ਮਲੂਕ ਦਾਸ ਪਿੰਡ ਜੰਡਪੁਰ ਵਿਖੇ ਬਾਬਾ ਭੁਪਿੰਦਰ ਦਾਸ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ, ਜਿਸ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ | ਨਗਰ ਕੀਰਤਨ ਪਿੰਡ ਜੰਡਪੁਰ ਤੋਂ ਸ਼ੁਰੂ ਹੋ ਕੇ ਹਲਾਲਪੁਰ, ਝੂੰਗੀਆਂ, ਖਰੜ, ਮੁੰਡੀ ਖਰੜ ਤੇ ਦੇਸੂਮਾਜਰਾ ਆਦਿ ਨੂੰ ਹੁੰਦਾ ਹੋਇਆ ਵਾਪਸ ਡੇਰੇ ਵਿਖੇ ਪਹੁੰਚ ਕੇ ਸਮਾਪਤ ਹੋਇਆ | ਰਸਤੇ 'ਚ ਸੰਗਤਾਂ ਵਲੋਂ ਨਗਰ ਕੀਰਤਨ 'ਚ ਸ਼ਾਮਿਲ ਸੰਗਤਾਂ ਤੇ ਪੰਜ ਪਿਆਰਿਆਂ ਦਾ ਸਨਮਾਨ ਕਰਨ ਸਮੇਤ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਸੀ | ਇਸੇ ਤਰ੍ਹਾਂ ਗੁਰਦੁਆਰਾ ਸੱਚਖੰਡ ਸਾਹਿਬ ਪਿੰਡ ਖਾਨਪੁਰ ਵਲੋਂ ਵੀ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਪੰਜ ਪਿਆਰਿਆਂ ਦੀ ਅਗਵਾਈ 'ਚ ਨਗਰ ਕੀਰਤਨ ਸਜਾਇਆ | ਇਹ ਨਗਰ ਕੀਰਤਨ ਪਿੰਡ ਖਾਨਪੁਰ ਦੇ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਖਰੜ ਦੇ ਬੱਸ ਅੱਡੇ ਤੋਂ ਹੁੰਦਾ ਹੋਇਆ ਵਾਪਸ ਪਿੰਡ ਖਾਨਪੁਰ ਵਿਖੇ ਪਹੁੰਚ ਕੇ ਸਮਾਪਤ ਹੋਇਆ | ਨਗਰ ਕੀਰਤਨ 'ਚ ਸ਼ਾਮਿਲ ਸਗਤਾਂ ਲਈ ਰਸਤੇ 'ਚ ਗੁਰੂ-ਘਰ ਦੇ ਸ਼ਰਧਾਲੂਆਂ ਵਲੋਂ ਚਾਹ-ਪਾਣੀ ਤੇ ਦੁੱਧ ਦੀਆਂ ਬੋਤਲਾਂ ਆਦਿ ਦਾ ਲੰਗਰ ਲਗਾਇਆ ਗਿਆ ਸੀ | ਅੰਤ ਪ੍ਰਬੰਧਕਾਂ ਵਲੋਂ ਸਹਿਯੋਗ ਦੇਣ ਲਈ ਸੰਗਤਾਂ ਦਾ ਧੰਨਵਾਦ ਕੀਤਾ |