ਚੰਡੀਗੜ੍ਹ, 4 ਨਵੰਬਰ (ਅਜਾਇਬ ਸਿੰਘ ਔਜਲਾ)ਐਮ. ਸੀ. ਇਲੈਕਟ੍ਰੀਕਲ ਕਰਮਚਾਰੀਆਂ ਨੇ ਫੈਡਰੇਸ਼ਨ ਆਫ ਯੂ. ਟੀ. ਇੰਪਲਾਈਜ਼ ਐਂਡ ਵਰਕਰਜ਼, ਚੰਡੀਗੜ੍ਹ ਦੇ ਸੱਦੇ 'ਤੇ 12 ਨਵੰਬਰ, 2025 ਨੂੰ ਸੈਕਟਰ 17 ਵਿਚ ਨਗਰ ਨਿਗਮ ਦਫ਼ਤਰ ਦੇ ਸਾਹਮਣੇ ਕੀਤੀ ਜਾ ਰਹੀ ਹੜਤਾਲ 'ਚ ਹਿੱਸਾ ਲੈਣ ਦਾ ਐਲਾਨ ਕੀਤਾ ਹੈ | ਯੂਨੀਅਨ ਮੈਂਬਰਾਂ ਨੇ ਸੈਕਟਰ 30 'ਚ ਪ੍ਰਧਾਨ ਤਰੁਨ ਜੈਸਵਾਲ ਦੀ ਪ੍ਰਧਾਨਗੀ 'ਚ ਇਕ ਮੀਟਿੰਗ ਕੀਤੀ, ਜਿਸ 'ਚ ਯੂਨੀਅਨ ਅਧਿਕਾਰੀਆਂ ਤੋਂ ਇਲਾਵਾ, ਫੈਡਰੇਸ਼ਨ ਆਫ ਯੂ. ਟੀ. ਇੰਪਲਾਈਜ਼ ਐਂਡ ਵਰਕਰਜ਼ ਚੰਡੀਗੜ੍ਹ ਦੇ ਪ੍ਰਧਾਨ ਰਾਜੇਂਦਰ ਕਟੋਚ ਅਤੇ ਪ੍ਰਧਾਨ ਗੋਪਾਲ ਦੱਤ ਜੋਸ਼ੀ ਨੇ ਵੀ ਹਿੱਸਾ ਲਿਆ | ਸਾਰੇ ਕਰਮਚਾਰੀਆਂ ਨੇ 12 ਨਵੰਬਰ ਨੂੰ ਵੱਡੀ ਗਿਣਤੀ 'ਚ ਹੜਤਾਲ ਵਿਚ ਹਿੱਸਾ ਲੈਣ ਦਾ ਐਲਾਨ ਕੀਤਾ | ਸੀ. ਐਸ. ਸੀ. ਬਾਗ਼ਬਾਨੀ ਵਰਕਰਜ਼ ਯੂਨੀਅਨ ਚੰਡੀਗੜ੍ਹ ਦੇ ਸੱਦੇ 'ਤੇ ਬਾਗ਼ਬਾਨੀ ਕਰਮਚਾਰੀਆਂ ਨੇ ਸੈਕਟਰ 34 ਵਿਚ 12 ਨਵੰਬਰ ਨੂੰ ਵਿਰੋਧ ਪ੍ਰਦਰਸ਼ਨ ਦੀਆਂ ਤਿਆਰੀਆਂ ਵੀ ਪੂਰੀਆਂ ਕਰਨ ਲਈ ਰੈਲੀ ਕੀਤੀ | ਰੈਲੀ ਨੂੰ ਯੂਨੀਅਨ ਦੇ ਪ੍ਰਧਾਨ ਅਤੇ ਫੈਡਰੇਸ਼ਨ ਦੇ ਜਨਰਲ ਸਕੱਤਰ ਹਰਕੇਸ਼ ਚੰਦਰ, ਯੂਨੀਅਨ ਦੇ ਜਨਰਲ ਸਕੱਤਰ ਸੁਬਰਾਮਨੀਅਮ ਬੁੱਧਰਾਮ, ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ ਤੋਂ ਇਲਾਵਾ ਫੈਡਰੇਸ਼ਨ ਦੇ ਪ੍ਰਧਾਨ ਰਾਜੇਂਦਰ ਕਟੋਚ ਤੇ ਪ੍ਰਧਾਨ ਗੋਪਾਲ ਦਾਸ ਜੋਸ਼ੀ ਨੇ ਸੰਬੋਧਨ ਕੀਤਾ, ਜਿਨ੍ਹਾਂ ਨੇ ਸਾਰੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ 12 ਨਵੰਬਰ ਦੇ ਵਿਰੋਧ ਪ੍ਰਦਰਸ਼ਨ ਨੂੰ ਵੱਡੀ ਗਿਣਤੀ ਵਿਚ ਸ਼ਾਮਿਲ ਹੋ ਕੇ ਸਫਲ ਬਣਾਉਣ | ਰੈਲੀ ਨੂੰ ਸੰਬੋਧਨ ਕਰਦਿਆਂ ਫੈਡਰੇਸ਼ਨ ਦੇ ਜਨਰਲ ਸਕੱਤਰ ਹਰਕੇਸ਼ ਚੰਦਰ ਨੇ ਕਿਹਾ ਕਿ ਪ੍ਰਦਰਸ਼ਨ ਸੰਬੰਧੀ ਇਕ ਨੋਟਿਸ ਨਗਰ ਨਿਗਮ ਅਥਾਰਿਟੀ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਭੇਜਿਆ ਗਿਆ ਹੈ, ਜਿਸ 'ਚ ਉਨ੍ਹਾਂ ਨੂੰ ਕਰਮਚਾਰੀਆਂ ਦੀਆਂ 15-ਨੁਕਾਤੀ ਮੰਗਾਂ ਨੂੰ ਬਿਨਾਂ ਦੇਰੀ ਲਾਗੂ ਕਰਨ ਦੀ ਅਪੀਲ ਕੀਤੀ ਗਈ ਹੈ | ਫੈਡਰੇਸ਼ਨ ਦੇ ਅਧਿਕਾਰੀਆਂ ਨੇ ਸਾਰੇ ਵਿਭਾਗਾਂ ਦੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ 12 ਨਵੰਬਰ ਨੂੰ ਸੈਕਟਰ 17 ਸਥਿਤ ਨਗਰ ਨਿਗਮ ਦਫ਼ਤਰ 'ਚ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਵਿਚ ਆਪਣੀ ਏਕਤਾ ਦਾ ਸਬੂਤ ਦੇਣ |