11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਓਵਰਲੋਡ ਟਿੱਪਰਾਂ ਤੇ ਟਰੈਕਟਰ-ਟਰਾਲੀਆਂ ਨੇ ਡੇਰਾਬੱਸੀ ਹਲਕੇ ਦੇ ਲੋਕਾਂ ਦੀ ਜਾਨ ਆਫ਼ਤ 'ਚ ਪਾਈ <br/>

ਅਜੀਤ ਡੈਸਕ 05-11-2025
ਡੇਰਾਬੱਸੀ, 4 ਨਵੰਬਰ (ਗੁਰਮੀਤ ਸਿੰਘ)-ਓਵਰਲੋਡ ਟਿੱਪਰਾਂ, ਟਰੈਕਟਰ-ਟਰਾਲੀਆਂ ਤੇ ਅਣਢੱਕੇ ਵਾਹਨਾਂ ਨੇ ਡੇਰਾਬੱਸੀ ਖੇਤਰ 'ਚ ਲੋਕਾਂ ਦੀ ਜ਼ਿੰਦਗੀ ਆਫ਼ਤ 'ਚ ਪਾਈ ਹੋਈ ਹੈ | ਬਿਨਾਂ ਤਰਪਾਲਾਂ ਤੋਂ ਇਹ ਵਾਹਨ ਸੜਕਾਂ 'ਤੇ ਰੇਤ ਤੇ ਮਿੱਟੀ ਉੱਡਾ ਕੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ | ਦੂਜੇ ਪਾਸੇ ਇਹ ਓਵਰਲੋਡ ਵਾਹਨ ਹਲਕੇ ਦੀਆਂ ਸੜਕਾਂ ਨੂੰ ਖ਼ਰਾਬ ਕਰ ਰਹੇ ਹਨ | ਮਿੱਟੀ ਤੇ ਰੇਤ ਦੀ ਢੋਆ-ਢੁਆਈ 'ਚ ਲੱਗੇ ਟਿੱਪਰ ਤੇ ਟਰੈਕਟਰ-ਟਰਾਲੀਆਂ 24 ਘੰਟੇ ਸੜਕਾਂ 'ਤੇ ਦੌੜਦੀਆਂ ਰਹਿੰਦੀਆਂ ਹਨ ਅਤੇ ਪ੍ਰਸ਼ਾਸਨ ਜਾਂ ਟ੍ਰੈਫ਼ਿਕ ਪੁਲਿਸ ਵਲੋਂ ਕਿਸੇ ਕਿਸਮ ਦੀ ਪਾਬੰਦੀ ਜਾਂ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਹੋ ਰਹੀ |
1.66 ਕਰੋੜ ਰੁ. 'ਤੇ ਫੇਰਿਆ ਪਾਣੀ
ਕੁਝ ਸਮਾਂ ਪਹਿਲਾਂ 1.66 ਕਰੋੜ ਰੁ. ਖ਼ਰਚ ਕੇ ਮੁਬਾਰਕਪੁਰ ਨੇੜਲੇ ਰੇਲਵੇ ਅੰਡਰ-ਪਾਥ ਦਾ ਨਵੀਨੀਕਰਨ ਕੀਤਾ ਗਿਆ ਸੀ, ਪਰ ਹੁਣ ਮੁੜ ਇਸ ਅੰਡਰ-ਪਾਥ ਦੀ ਹਾਲਤ ਖ਼ਸਤਾ ਹੋ ਗਈ ਹੈ, ਜਿਸ ਦਾ ਮੁੱਖ ਕਾਰਨ ਇਥੋਂ ਓਵਰਲੋਡ ਵਾਹਨਾਂ ਦਾ ਗੁਜਰਨਾ ਹੈ | ਇਨ੍ਹਾਂ ਓਵਰਲੋਡ ਵਾਹਨਾਂ ਦੀ ਲਪੇਟ 'ਚ ਆ ਕੇ ਦਰਜਨਾਂ ਬੇਕਸੂਰ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ ਤੇ ਦਿਨੋਂ ਦਿਨ ਵਧ ਰਹੇ ਹਾਦਸਿਆਂ ਦੇ ਬਾਵਜੂਦ ਵੀ ਪ੍ਰਸ਼ਾਸਨ ਇਨ੍ਹਾਂ 'ਤੇ ਨੱਥ ਪਾਉਣ 'ਚ ਬੇਵੱਸ ਨਜ਼ਰ ਆ ਰਿਹਾ ਹੈ |
ਸਾਲ ਬਾਅਦ ਵੀ ਨਹੀਂ ਤਿਆਰ ਹੋਇਆ ਰੂਟ ਮੈਪ
ਲਾਲੜੂ ਵਿਖੇ ਟਿੱਪਰ ਦੀ ਲਪੇਟ 'ਚ ਆਉਣ ਕਰਕੇ ਇਕ ਵਿਅਕਤੀ ਦੀ ਮੌਤ ਹੋਣ ਤੋਂ ਬਾਅਦ ਲੋਕਾਂ ਨੇ ਹੰਗਾਮਾ ਕਰ ਦਿੱਤਾ ਸੀ | ਉਸ ਸਮੇਂ ਹਰਕਤ 'ਚ ਆਉਂਦਿਆਂ ਐਸ. ਡੀ. ਐਮ. ਡੇਰਾਬੱਸੀ ਨੇ ਟਿੱਪਰਾਂ 'ਤੇ ਨਕੇਲ ਪਾਉਣ ਲਈ ਮਾਈਨਿੰਗ ਵਿਭਾਗ ਨੂੰ ਨੋਟਿਸ ਜਾਰੀ ਕਰਦੇ ਹੋਏ ਮਾਈਨਿੰਗ ਦੇ ਕੰਮ 'ਚ ਲੱਗੇ ਵਾਹਨਾਂ ਦੀ ਆਵਾਜਾਈ ਲਈ ਰੂਟ ਮੈਪ ਤਿਆਰ ਕਰਨ ਲਈ ਕਿਹਾ ਸੀ, ਪਰ ਕਰੀਬ ਇਕ ਸਾਲ ਬੀਤ ਜਾਣ ਮਗਰੋਂ ਵੀ ਇਸ ਸੰਬੰਧੀ ਕੋਈ ਕਦਮ ਨਹੀਂ ਚੁੱਕਿਆ ਗਿਆ ਤੇ ਮੌਤ ਦੇ ਦੂਤ ਬਣ ਕੇ ਓਵਰਲੋਡ ਟਿੱਪਰ ਅੱਜ ਵੀ ਬੇਖ਼ੌਫ਼ ਸੜਕਾਂ 'ਤੇ ਦੌੜ ਰਹੇ ਹਨ | ਦਿਨ ਸਮੇਂ ਤਹਿਸੀਲ ਸੜਕ 'ਤੇ ਇਹ ਟਿੱਪਰ ਦੌੜਦੇ ਆਮ ਦੇਖੇ ਜਾ ਸਕਦੇ ਹਨ, ਜਦਕਿ ਦਿਨ ਸਮੇਂ ਇਥੋਂ ਇਨ੍ਹਾਂ ਦੇ ਗੁਜਰਨ 'ਤੇ ਪਾਬੰਦੀ ਲਗਾਈ ਹੋਈ ਹੈ | ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਵਾਹਨਾਂ ਦੀ ਆਵਾਜਾਈ ਲਈ ਸਮਾਂ ਤੈਅ ਕੀਤਾ ਜਾਵੇ ਅਤੇ ਨਾਲ ਹੀ ਇਨ੍ਹਾਂ ਨੂੰ ਢੱਕਣ ਤੇ ਨਿਯਮ ਲਾਗੂ ਕਰਨ ਵਾਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇ |

ਪਿਛਲੀ ਖ਼ਬਰ ਖੈਰਪੁਰ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀ ਸਜਾਈ <br/> ਅਗਲੀ ਖ਼ਬਰ ਪੇਪਰਲੈੱਸ ਤੇ ਸਮਾਰਟਫ਼ੋਨ ਆਧਾਰਿਤ ਹੋਵੇਗੀ 'ਜਨਗਣਨਾ 2027', ਸਫ਼ਲ ਡਿਜੀਟਲ ਜਨਗਣਨਾ ਲਈ ਸਹਿਯੋਗ ਦੀ ਅਪੀਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।