ਐੱਸ. ਏ. ਐੱਸ. ਨਗਰ, 4 ਨਵੰਬਰ (ਕਪਿਲ ਵਧਵਾ)-ਮੁਹਾਲੀ ਦੇ ਸੈਕਟਰ-66 ਸਥਿਤ ਪ੍ਰਸਿੱਧ ਪੰਜਾਬੀ ਫ਼ਿਲਮ ਤੇ ਟੀ. ਵੀ. ਅਦਾਕਾਰ ਕੁਲਜਿੰਦਰ ਸਿੱਧੂ ਦੇ 'ਜੇ ਸਾਈਨ ਜਵੈਲਰੀ' ਨਾਮਕ ਸ਼ੋਅਰੂਮ 'ਚੋਂ ਅਣਪਛਾਤੇ ਚੋਰਾਂ ਨੇ ਕਰੋੜਾਂ ਰੁ. ਦੇ ਗਹਿਣੇ ਚੋਰੀ ਕਰ ਲਏ | ਇਸ ਘਟਨਾ ਦੌਰਾਨ ਚੋਰਾਂ ਨੇ ਉਸ ਤਿਜੌਰੀ ਨੂੰ ਖੋਲ੍ਹ ਕੇ ਬੇਸ਼ਕੀਮਤੀ ਗਹਿਣੇ ਚੋਰੀ ਕਰ ਲਏ, ਜਿਸ ਨੂੰ ਖੋਲ੍ਹਣਾ ਆਮ ਵਿਅਕਤੀ ਲਈ ਅਸੰਭਵ ਮੰਨਿਆ ਜਾਂਦਾ ਸੀ | ਐਕਟਰ ਕੁਲਜਿੰਦਰ ਸਿੱਧੂ ਦੇ ਭਰਾ ਤੇ ਕਾਰੋਬਾਰੀ ਸਾਥੀ ਵਿਕਰਮ ਸਿੱਧੂ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਸਨਿਚਰਵਾਰ ਦੀ ਰਾਤ ਕਰੀਬ 8 ਵਜੇ ਉਨ੍ਹਾਂ ਸ਼ੋਅਰੂਮ ਬੰਦ ਕੀਤਾ ਸੀ, ਪਰ ਸੋਮਵਾਰ ਸਵੇਰੇ ਜਦੋਂ ਸਟੋਰ ਖੋਲਿ੍ਹਆ ਗਿਆ ਤਾਂ ਮੁੱਖ ਗੇਟ ਦਾ ਤਾਲਾ ਗਾਇਬ ਸੀ ਅਤੇ ਅੰਦਰ ਜਾਣ 'ਤੇ ਸਟੋਰ ਰੂਮ ਦਾ ਦਰਵਾਜ਼ਾ ਵੀ ਖੁੱਲ੍ਹਾ ਪਿਆ ਮਿਲਿਆ ਅਤੇ ਸਾਰੇ ਬਕਸੇ ਤੋੜੇ ਹੋਏ ਸਨ ਅਤੇ ਉਨ੍ਹਾਂ 'ਚੋਂ ਸਾਰੇ ਗਹਿਣੇ ਗਾਇਬ ਸਨ | ਸ਼ੁਰੂਆਤੀ ਅਨੁਮਾਨ ਅਨੁਸਾਰ ਚੋਰ ਬੇਸ਼ਕੀਮਤੀ ਸੋਨੇ ਦੇ ਗਹਿਣੇ ਚੋਰੀ ਕਰਕੇ ਲੈ ਗਏ ਹਨ | ਵਿਕਰਮ ਸਿੱਧੂ ਨੇ ਕਿਹਾ ਕਿ ਤਿਜੌਰੀ ਨੂੰ ਤੋੜਨ ਦਾ ਕੋਈ ਨਿਸ਼ਾਨ ਨਹੀਂ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਸ ਨੂੰ ਖੋਲਿ੍ਹਆ ਗਿਆ ਹੈ ਅਤੇ ਇਹ ਕਿਸੇ ਪ੍ਰੋਫੈਸ਼ਨਲ ਚੋਰ ਜਾਂ ਗਰੋਹ ਦਾ ਕੰਮ ਹੋ ਸਕਦਾ ਹੈ | ਚੋਰ ਜਾਂਦੇ ਸਮੇਂ ਸੁਰੱਖਿਆ ਕੈਮਰਿਆਂ ਦੀ ਡੀ. ਵੀ. ਆਰ. ਵੀ ਆਪਣੇ ਨਾਲ ਲੈ ਗਏ ਹਨ, ਜਿਸ ਨਾਲ ਜਾਂਚ ਹੋਰ ਮੁਸ਼ਕਿਲ ਹੋ ਗਈ ਹੈ | ਇਸ ਘਟਨਾ ਸੰਬੰਧੀ ਸੂਚਨਾ ਮਿਲਣ 'ਤੇ ਆਈ. ਟੀ. ਸਿਟੀ ਥਾਣੇ ਦੀ ਪੁਲਿਸ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਘਟਨਾ ਦੀ ਜਾਂਚ ਕੀਤੀ | ਐੱਸ. ਐੱਚ. ਓ. ਸਤਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਸੰਬੰਧੀ ਐੱਫ. ਆਈ. ਆਰ. ਦਰਜ ਕਰ ਲਈ ਗਈ ਹੈ ਤੇ ਫੋਰੈਂਸਿਕ ਟੀਮ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਪੁਲਿਸ ਹਰ ਪੱਖ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ |