ਐੱਸ. ਏ. ਐੱਸ. ਨਗਰ, 4 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ 3 ਤੇ 4 ਨਵੰਬਰ ਨੂੰ ਪੰਜਾਬ ਦੇ ਸਬ-ਡਵੀਜ਼ਨ/ਡਵੀਜ਼ਨ ਪੱਧਰ 'ਤੇ ਬਿਜਲੀ ਖੇਤਰ 'ਚ ਕੰਮ ਕਰਦੇ ਸਮੂਹ ਕਾਮਿਆਂ ਨੂੰ ਸ਼ਾਮਿਲ ਕਰਕੇ ਰੈਲੀਆਂ ਕਰਨ ਦੇ ਲਏ ਗਏ ਫ਼ੈਸਲੇ ਤਹਿਤ ਬਿਜਲੀ ਕਾਮਿਆਂ ਵਲੋਂ ਰੋਸ ਰੈਲੀ ਕੀਤੀ ਗਈ ਤੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ | ਰੈਲੀ ਨੂੰ ਸੰਬੋਧਨ ਕਰਦਿਆਂ ਟੀ. ਐਸ. ਯੂ. ਦੇ ਸਰਕਲ ਪ੍ਰਧਾਨ ਗੁਰਬਖ਼ਸ਼ ਸਿੰਘ, ਮੁੱਖ ਸਲਾਹਕਾਰ ਲੱਖਾ ਸਿੰਘ, ਕਾਨੂੰਨੀ ਸਲਾਹਕਾਰ ਜਤਿੰਦਰ ਸਿੰਘ, ਗੁਰਮੀਤ ਸਿੰਘ, ਬਿਕਰਮ ਸਿੰਘ ਤੇ ਅਜੀਤ ਸਿੰਘ ਆਦਿ ਨੇ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਵਲੋਂ ਬਿਜਲੀ ਵਿਭਾਗ ਦੀਆਂ ਜ਼ਮੀਨਾਂ ਨੂੰ ਵੇਚਣ ਸੰਬੰਧੀ ਲਏ ਗਏ ਫ਼ੈਸਲੇ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਕਿਹਾ ਕਿ ਬਿਜਲੀ ਵਿਭਾਗ ਦੀ ਉਸਾਰੀ ਕਰਨ ਸਮੇਂ ਪੰਜਾਬ ਦੇ ਲੋਕਾਂ ਵਲੋਂ ਇਹ ਜ਼ਮੀਨਾਂ ਗਰਿੱਡ/ਬਿਜਲੀ-ਘਰ ਬਣਾਉਣ ਲਈ ਸਰਕਾਰ ਨੂੰ ਦਾਨ ਦੇ ਰੂਪ 'ਚ ਦਿੱਤੀਆਂ ਗਈਆਂ ਸਨ, ਪਰ ਸਰਕਾਰ ਸਾਮਰਾਜੀ ਦਿਸ਼ਾ ਨਿਰਦੇਸ਼ਾਂ ਤਹਿਤ ਨਿੱਜੀਕਰਨ ਦੀ ਨੀਤੀ ਨੂੰ ਲਾਗੂ ਕਰਦੇ ਹੋਏ ਬਿਜਲੀ ਵਿਭਾਗ ਨੂੰ ਮੁਕੰਮਲ ਰੂਪ 'ਚ ਨਿੱਜੀ ਕੰਪਨੀਆਂ ਦੇ ਹਵਾਲੇ ਕਰਨ ਲਈ ਇਹ ਜ਼ਮੀਨਾਂ ਨਿੱਜੀ ਕੰਪਨੀਆਂ ਨੂੰ ਵੇਚਣ ਦੀ ਫ਼ਿਰਾਕ 'ਚ ਹੈ | ਆਗੂਆਂ ਨੇ ਕਿਹਾ ਕਿ ਨਵੇਂ ਬਣਾਏ ਚਾਰ ਲੇਬਰ ਕੋਡ ਰੱਦ ਕਰਵਾਉਣ, ਬਿਜਲੀ ਐਕਟ 2003 ਅਤੇ 2022 ਰੱਦ ਕਰਵਾਉਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ, ਹਰ ਪ੍ਰਕਾਰ ਦੇ ਕੱਚੇ ਅਤੇ ਠੇਕੇ 'ਤੇ ਆਊਟ ਸੋਰਸਿੰਗ ਤੇ ਇਨਲਿਸਟਮੈਂਟ ਆਦਿ ਕਾਮਿਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ, ਸਮੂਹ ਰੈਗੂਲਰ ਆਊਟਸੋਰਸਿਡ ਅਤੇ ਠੇਕਾ ਕਾਮਿਆਂ ਲਈ ਘੱਟੋ ਘੱਟ ਉਜ਼ਰਤ ਦੇ ਕਾਨੂੰਨ 1948 ਮੁਤਾਬਿਕ 15ਵੀਂ ਲੇਬਰ ਕਾਨਫ਼ਰੰਸ 1957 ਦੀਆਂ ਸਿਫ਼ਾਰਸ਼ਾਂ ਨੂੰ ਸ਼ਾਮਿਲ ਕਰਕੇ ਘੱਟੋ-ਘੱਟ ਤਨਖ਼ਾਹ ਨਿਸ਼ਚਿਤ ਕਰਨ, ਦਿਹਾੜੀ ਦਾ ਸਮਾਂ 8 ਘੰਟੇ ਤੋਂ ਵਧਾ ਕੇ 12 ਘੰਟੇ ਕਰਨ ਦਾ ਫ਼ੈਸਲਾ ਵਾਪਸ ਲੈਣ, ਮੁਲਾਜ਼ਮਾਂ ਤੇ ਪੈਨਸ਼ਨਰਾਂ ਤੋਂ ਵਿਕਾਸ ਦੇ ਨਾਂਅ 'ਤੇ ਵਸੂਲਿਆ ਜਾਂਦਾ 200 ਰੁ. ਦਾ ਟੈਕਸ ਬੰਦ ਕਰਵਾਉਣ, ਪੱਕੀ ਭਰਤੀ ਕਰਵਾਉਣ, ਸਾਰੇ ਵਿਭਾਗਾਂ ਦੇ ਨਿੱਜੀਕਰਨ, ਨਿਗਮੀਕਰਨ, ਪੁਨਰਗਠਨ ਨੂੰ ਬੰਦ ਕਰਵਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ | ਇਸ ਮੌਕੇ ਸਰਕਾਰ ਦੀ ਅਰਥੀ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ | ਇਸ ਮੌਕੇ ਜਗਜੀਤ ਸਿੰਘ, ਹਰਜੀਤ ਸਿੰਘ, ਸੌਦਾਗਰ ਸਿੰਘ, ਰਾਧੇ ਸ਼ਿਆਮ, ਸਰਕਲ ਸਕੱਤਰ ਜਗਦੀਪ ਸਿੰਘ, ਰਜਿੰਦਰ ਕੁਮਾਰ, ਵਿਜੇ ਕੁਮਾਰ, ਸੁਰਿੰਦਰ ਮੱਲ੍ਹੀ, ਸਤਵੰਤ ਸਿੰਘ, ਬਲਵੀਰ ਸਿੰਘ, ਪਰਮਜੀਤ ਸਿੰਘ ਤੇ ਦਿਲਬਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਬਿਜਲੀ ਕਾਮੇ ਤੇ ਪੈਨਸ਼ਨਰ ਵੀ ਹਾਜ਼ਰ ਸਨ |